ਪੱਤਰ ਪ੍ਰੇਰਕ
ਮਾਨਸਾ/ਜ਼ੀਰਾ, 8 ਨਵੰਬਰ
ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਵਿੱਚ ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਦੀ ਅਗਵਾਈ ਵਿੱਚ 10 ਨਵੰਬਰ ਨੂੰ ਇਨਸਾਫ਼ ਰੈਲੀ ਕੀਤੀ ਜਾਵੇਗੀ। ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਜੁੜੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਸੰਬੋਧਨ ਕਰਦਿਆਂ ਫਰੰਟ ਆਗੂ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ 9 ਅਕਤੂਬਰ ਨੂੰ ਉਨ੍ਹਾਂ ਦੀ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਉਨ੍ਹਾਂ ਵੱਲੋਂ 15-20 ਦਿਨਾਂ ਦੇ ਵਿੱਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਲਈ ਵਧੀਆ ਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਮਹੀਨਾ ਬੀਤ ਗਿਆ ਹੈ ਪਰ ਉਚੇਰੀ ਸਿੱਖਿਆ ਵਿਭਾਗ ਵੱਲੋਂ ਕੋਈ ਨੀਤੀ ਬਣਾਉਣ ਦੀ ਬਜਾਏ ਆਏ ਦਿਨ ਕੋਈ ਨਾ ਕੋਈ ਨਵਾਂ ਪੱਤਰ ਜਾਰੀ ਕਰ ਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਲਈ ਖ਼ਤਰਾ ਖੜ੍ਹਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਹਾਇਕ ਪ੍ਰੋਫੈਸਰਾਂ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਵਤੀਰਾ ਅਜਿਹਾ ਹੀ ਰਿਹਾ ਤੇ ਉਨ੍ਹਾਂ ਨੂੰ ਨੌਕਰੀ ’ਚੋਂ ਕੱਢਿਆ ਗਿਆ ਤਾਂ ਉਹ ਪਰਿਵਾਰਾਂ ਸਮੇਤ ਸੜਕਾਂ ’ਤੇ ਰੁਲਣਗੇ। ਇਸੇ ਦੌਰਾਨ ਜ਼ੀਰਾ ਵਿਚ ਡਾ. ਰਵਿੰਦਰ ਸਿੰਘ, ਪ੍ਰੋ. ਗੁਰਸੇਵਕ ਸਿੰਘ, ਪ੍ਰੋ. ਗੁਰਜੀਤ ਸਿੰਘ, ਅਰਮਿੰਦਰ ਸਿੰਘ, ਡਾ. ਹੁਕਮ ਚੰਦ ਆਦਿ ਨੇ ਸਰਕਾਰ ਦੇ ਵਤੀਰੇ ਦੀ ਆਲੋਚਨਾ ਕੀਤੀ।