ਪੱਤਰ ਪ੍ਰੇਰਕ
ਮਾਨਸਾ, 1 ਸਤੰਬਰ
ਚਿੱਟੀ ਮੱਖੀ-ਗੁਲਾਬੀ ਸੁੰਡੀ ਦੇ ਹਮਲੇ ਤੋਂ ਡਰੇ ਕਿਸਾਨਾਂ ਨੂੰ ਹੁਣ ਝੋਨੇ ਉਪਰ ਪੱਟਾ ਲਪੇਟ ਸੁੰਡੀ ਦੇ ਹਮਲੇ ਦਾ ਝੋਰਾ ਲੱਗ ਗਿਆ ਹੈ। ਇਸ ਹਮਲੇ ਕਾਰਨ ਕਿਸਾਨਾਂ ’ਚ ਘਬਰਾਹਟ ਪਾਈ ਜਾਣ ਲੱਗੀ ਹੈ ਤੇ ਉਹ ਇਸ ਤੋਂ ਬਚਾਅ ਲਈ ਕੀਟਨਾਸ਼ਕਾਂ ਦੀ ਵਰਤੋਂ ਕਰਨ ਲੱਗੇ ਹਨ। ਉਧਰ, ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸਪਰੇਆਂ ਸੋਚ-ਸਮਝ ਕੇ ਕਰਨ ਦਾ ਸੱਦਾ ਦਿੱਤਾ ਹੈ ਤੇ ਇਸ ਹਮਲੇ ਨੂੰ ਫਿਲਹਾਲ ਮਾਮੂਲੀ ਮੰਨਦਿਆਂ ਕੁਝ ਦਿਨ ਪਹਿਲਾਂ ਪਏ ਮੀਂਹਾਂ ਨਾਲ ਬਿਮਾਰੀਆਂ ਤੋਂ ਫਸਲਾਂ ਦੇ ਤੰਦਰੁਸਤ ਹੋਣ ਦੀ ਹਾਮੀ ਭਰੀ ਹੈ।
ਮਾਨਸਾ ਦੇ ਇਸ ਖੇਤਰ ’ਚ ਇਸ ਵੇਲੇ ਨਰਮੇ ’ਤੇ ਚਿੱਟੀ ਮੱਖੀ-ਗੁਲਾਬੀ ਸੁੰਡੀ ਦੇ ਹਮਲੇ ਲਈ ਧੜਾ-ਧੜ ਸਪਰੇਆਂ ਦਾ ਛਿੜਕਾਅ ਹੋ ਰਿਹਾ ਹੈ। ਹੁਣ ਝੋਨੇ ਉਤੇ ਇਸ ਨਵੇਂ ਹਮਲੇ ਨੇ ਕਿਸਾਨਾਂ ਵਾਸਤੇ ਨਵੀਂ ਬਿਪਤਾ ਖੜ੍ਹੀ ਕਰ ਦਿੱਤੀ ਹੈ। ਕਿਸਾਨਾਂ ਨੇ ਇਸ ਹਮਲੇ ਸਬੰਧੀ, ਜਦੋਂ ਖੇਤੀ ਵਿਭਾਗ ਦੇ ਮਾਹਿਰਾਂ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਕਿਸਾਨਾਂ ਦੇ ਖੇਤਾਂ ’ਚ ਜਾ ਕੇ ਹਮਲੇ ਨੂੰ ਮੁੱਢਲੀ ਸਟੇਜ਼ ਉਪਰੋਂ ਵੀ ਸਵੀਕਾਰ ਕਰਨ ਤੋਂ ਇਨਕਾਰ ਕੀਤਾ। ਖੇਤੀ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਬਿਨਾਂ ਸਪਰੇਆਂ ਤੋਂ ਹੀ ਠੱਲ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਇੱਕ ਚੰਗਾ ਮੀਂਹ ਝੋਨੇ ਦੀ ਇਸ ਫ਼ਸਲ ਉਪਰ ਪਵੇਗਾ ਤਾਂ ਇਹ ਸੁੰਡੀ ਆਪ ਪਾਣੀ ’ਚ ਡਿੱਗ ਕੇ ਮਰ ਜਾਵੇਗੀ।
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨੋਜ਼ ਕੁਮਾਰ ਨੇ ਆਪਣੀ ਟੀਮ ਸਣੇ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਤੇ ਉਨ੍ਹਾਂ ਮੰਨਿਆ ਕਿ ਇਹ ਹਮਲਾ ਝੋਨੇ ਦੀ ਫ਼ਸਲ ’ਤੇ ਬਿਲਕੁਲ ਨਾ-ਮਾਤਰ ਹੈ, ਪਰ ਐਡੀ ਵੱਡੀ ਗੱਲ ਨਹੀਂ ਕਿ ਇਸ ਤੋਂ ਘਬਰਾ ਕੇ ਕਿਸਾਨਾਂ ਨੂੰ ਅੰਨ੍ਹੇਵਾਹ ਸਪਰੇਆਂ ਛਿੜਕਣ ਲੱਗ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿਚ ਜਾਣ ਤੇ ਜੇ ਉਹ ਹਮਲੇ ਨੂੰ ਜ਼ਿਆਦਾ ਸਮਝਦੇ ਹਨ ਤਾਂ ਉਹ ਤੁਰੰਤ ਖੇਤੀ ਵਿਭਾਗ ਦੇ ਮਾਹਿਰਾਂ ਨਾਲ ਸਲਾਹ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਦਵਾਈ ਵਿਕਰੇਤਾਵਾਂ ਦੇ ਪਿੱਛੇ ਲੱਗ ਕੇ ਸਪਰੇਆਂ ਨਾ ਕਰਨ।