ਪੱਤਰ ਪ੍ਰੇਰਕ
ਅਬੋਹਰ, 2 ਦਸੰਬਰ
ਬੀਤੇ ਦਿਨੀ ਕੋਰਟ ਮੈਰਿਜ ਕਰਵਾ ਕੇ ਸੁਰੱਖਿਆ ਲਈ ਤਹਿਸੀਲ ਕੰਪਲੈਕਸ ਵਿੱਚ ਉਪਮੰਡਲ ਅਧਿਕਾਰੀ ਕੋਲ ਪੁੱਜੇ ਪ੍ਰੇਮੀ ਜੋੜੇ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਨਗਰ ਥਾਣਾ-1 ਦੀ ਪੁਲੀਸ ਨੇ ਸ਼ਕੁੰਤਲਾ ਪਤਨੀ ਸੋਹਨਪਾਲ ਵਾਸੀ ਪਿੰਡ ਕਿੱਕਰਖੇੜਾ ਦੇ ਬਿਆਨ ’ਤੇ ਨਰੇਸ਼ ਕੁਮਾਰ ਵਾਸੀ ਸਿਆਗਵਾਲੀ ਸ਼੍ਰੀਗੰਗਾਨਗਰ, ਦਿਆਲ ਚੰਦ ਪੁੱਤਰ ਮਹਾਵੀਰ, ਮਹਾਵੀਰ ਪ੍ਰਸਾਦ ਪੁੱਤਰ ਲਾਲ ਚੰਦ, ਨਿਰਮਲ ਪੁੱਤਰ ਮਹਾਵੀਰ ਪ੍ਰਸਾਦ, ਮੋਹਨ ਲਾਲ ਪੁੱਤਰ ਅਮਰਜੀਤ ਵਾਸੀ ਢਾਣੀ ਤੁੰਬੜਭੰਨ, ਮੁਨੀ ਰਾਮ ਵਾਸੀ ਪਟੀ ਸਦਕੀ, ਗੁਰਵਿੰਦਰ ਸਿੰਘ ਵਾਸੀ ਲੱਕੜਵਾਲਾ ਫਾਜ਼ਿਲਕਾ, ਮੋਨੂੰ ਵਾਸੀ ਧਰਮਪੁਰਾ ਅਤੇ 7 ਅਣਪਛਾਤੇ ਵਿਅਕਤੀਆਂ ’ਤੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਸਕੁੰਤਲਾ ਦਾ ਦੋਸ਼ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਸੋਹਨਪਾਲ ਨਾਲ ਵਿਆਹ ਕਰਵਾਇਆ ਹੈ, ਜਿਸ ਕਾਰਨ ਉਸ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਖੁਸ਼ ਨਹੀਂ ਹਨ ਅਤੇ ਕਦੇ ਵੀ ਹਮਲਾ ਕਰਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।