ਪੱਤਰ ਪ੍ਰੇਰਕ
ਸ਼ਹਿਣਾ, 21 ਮਾਰਚ
ਖੰਨਾ ਸ਼ਹਿਰ ਦੀਆਂ ਤਿੰਨ ਔਰਤਾਂ ਜੋ ਗੁਰਦੁਆਰਾ ਜ਼ਫਰਨਾਮਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀਆਂ ਸਨ, ਉੱਤੇ ਅਣਪਛਾਤਿਆਂ ਨੇ ਪਿੰਡ ਗਿੱਲ ਕੋਠੇ ਕੋਲ ਹਮਲਾ ਕਰ ਦਿੱਤਾ। ਪੀੜਤ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਮਾਤਾ ਦਲਜੀਤ ਕੌਰ ਅਤੇ ਪੁੱਤਰੀ ਜੁਪ੍ਰੀਤ ਕੌਰ ਨਾਲ ਗੱਡੀ ’ਤੇ ਗੁਰਦੁਆਰਾ ਜ਼ਫਰਨਾਮਾ ਸਾਹਿਬ ਤੋਂ ਵਾਪਸ ਆ ਰਹੇ ਸਨ। ਉਹ ਜਦੋਂ ਪਿੰਡ ਗਿੱਲ ਕੋਠੇ ਦੇ ਪੈਟਰੋਲ ਪੰਪ ਕੋਲ ਪੁੱਜੇ ਤਾਂ ਕੁਝ ਲੜਕਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਕੇ ਗੱਡੀ ਦੀ ਭੰਨਤੋੜ ਕੀਤੀ ਅਤੇ ਜੁਪ੍ਰੀਤ ਕੌਰ (14) ਦੀ ਬਾਂਹ ’ਤੇ ਸੱਟਾਂ ਲੱਗੀਆਂ। ਰਾਜਵਿੰਦਰ ਕੌਰ ਨੇ ਸ਼ਹਿਣਾ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ।
ਇਸ ਸਬੰਧੀ ਥਾਣਾ ਸ਼ਹਿਣਾ ਦੇ ਏਐਸਆਈ ਮੱਖਣ ਸ਼ਾਹ ਨੇ ਦੱਸਿਆ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।