ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 21 ਸਤੰਬਰ
ਮਮਦੋਟ ਦੇ ਪਿੰਡ ਮਸਤਾ ਗੱਟੀ ਵਿੱਚ ਇੱਕ ਘਰ ਦਾ ਮੀਟਰ ਬਦਲ ਕੇ ਵਾਪਸ ਪਰਤ ਰਹੇ ਪਾਵਰਕੌਮ ਦੇ ਇੱਕ ਜੂਨੀਅਨ ਇੰਜਨੀਅਰ ’ਤੇ ਕਾਤਲਾਨਾ ਹਮਲਾ ਹੋ ਗਿਆ। ਜੇ.ਈ. ਦੀ ਸ਼ਿਕਾਇਤ ’ਤੇ ਮਮਦੋਟ ਪੁਲੀਸ ਨੇ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਵਿਚ ਕੁਝ ਔਰਤਾਂ ਵੀ ਸ਼ਾਮਲ ਹਨ।
ਮਮਦੋਟ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਜੇ.ਈ. ਕਰਨੈਲ ਸਿੰਘ ਨੇ ਦੱਸਿਆ ਕਿ ਉਹ ਮਸਤਾ ਗੱਟੀ ਪਿੰਡ ਵਿੱਚ ਰਹਿੰਦੇ ਗੁਰਪ੍ਰੀਤ ਸਿੰਘ ਦਾ ਘਰੇਲੂ ਮੀਟਰ ਲਾ ਕੇ ਵਾਪਸ ਪਰਤ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਦੇ ਵਿਰੋਧੀ ਕੁਝ ਲੋਕਾਂ ਨੇ ਉਸ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਸਾਰੇ ਮੁਲਜ਼ਮ ਫ਼ਰਾਰ ਹੋ ਗਏ ਹਨ।