ਪਰਸ਼ੋਤਮ ਬੱਲੀ
ਬਰਨਾਲਾ, 28 ਸਤੰਬਰ
ਇਥੇ ਲੰਘੀ 27-28 ਸਤੰਬਰ ਦੀ ਦਰਮਿਆਨ ਰਾਤ ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ ਕੌਰ ਜੋਧਪੁਰ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਲਈ ਵੱਖ-ਵੱਖ ਜਨਤਕ ਜਥੇਬੰਦੀਆਂ ਅਤੇ ਪਿੰਡ ਜੋਧਪੁਰ ਵਾਸੀਆਂ ਦਾ ਵਫ਼ਦ ਅੱਜ ਐੱਸਐੱਚਓ ਥਾਣਾ ਸਦਰ ਬਰਨਾਲਾ ਨੂੰ ਮਿਲਿਆ। ਪੁਲੀਸ ਅਧਿਕਾਰੀਆਂ ਨੂੰ ਮਿਲਣ ਉਪਰੰਤ ਵਫ਼ਦ ਦੀ ਅਗਵਾਈ ਕਰ ਰਹੇ ਆਗੂਆਂ ਨਰਾਇਣ ਦੱਤ, ਸੋਹਣ ਸਿੰਘ ਮਾਝੀ ਨੇ ਦੱਸਿਆ ਲੰਘੀ ਰਾਤ ਕਰੀਬ ਇੱਕ ਵਜੇ ਜਦੋਂ ਪਰਮਜੀਤ ਕੌਰ ਜੋਧਪੁਰ ਆਪਣੇ ਘਰ ਬਾਹਰਲੇ ਵਾਸ਼ਰੂਮ ’ਚੋਂ ਫਾਰਗ ਹੋ ਵਾਪਸ ਆ ਕੇ ਅੰਦਰੋਂ ਕਮਰੇ ਦੀ ਕੁੰਡੀ ਬੰਦ ਕਰਨ ਲੱਗੇ ਤਾਂ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਇੱਕ 26-27 ਕੁ ਸਾਲ ਦੇ ਲੜਕੇ ਨੇ ਅਚਾਨਕ ਉਸ ਨੂੰ ਧੱਕਾ ਦੇ ਕੇ ਬੈੱਡ ਤੇ ਸੁੱਟ ਦਿੱਤਾ ਅਤੇ ਉਸ ਗਲਾ ਘੁੱਟਣ ਲੱਗ ਪਿਆ ਤੇ ਚਾਕੂ ਨਾਲ ਜਾਨ ਲੇਵਾ ਹਮਲੇ ਦੀ ਵੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮ ਉਨ੍ਹਾਂ ਨੂੰ ਜ਼ਖ਼ਮੀ ਕਰਕੇ ਨਗਦੀ ਲੁੱਟ ਕੇ ਲੈ ਗਿਆ। ਆਗੂਆਂ ਨੇ ਕਿਹਾ ਕਿ ਜਦੋਂ ਹਮਲਾਵਰ ਲੁਟੇਰਾ ਘਰ ਦੀ ਕੰਧ ਟੱਪ ਕੇ ਬਾਹਰ ਭੱਜ ਗਿਆ ਤਾਂ ਉਨ੍ਹਾਂ ਗੁਆਂਢੀਆਂ ਨੂੰ ਫੋਨ ਕੀਤੇ, ਜਿਨ੍ਹਾਂ ਆ ਕੇ ਉਸ ਨੂੰ ਸੰਭਾਲਿਆ ਅਤੇ 112 ਨੰਬਰ ਫੋਨ ਤੇ ਪੁਲੀਸ ਨੂੰ ਸੂਚਿਤ ਕੀਤਾ। ਪੀੜਤਾ ਪਰਮਜੀਤ ਕੌਰ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ।
ਪਿੰਡ ਜੋਧਪੁਰ ਵਿਚ ਰੈਲੀ ਅੱਜ
ਆਗੂਆਂ ਨੇ 29 ਸਤੰਬਰ ਸ਼ਾਮ ਪਿੰਡ ਜੋਧਪੁਰ ਵਿੱਚ ਗੁੰਡਾਗਰਦੀ ਵਿਰੋਧੀ ਰੈਲੀ ਕਰਨ ਦਾ ਐਲਾਨ ਵੀ ਕੀਤਾ। ਐੱਸਐੱਚਓ ਥਾਣਾ ਸਦਰ ਇੰਸਪੈਕਟਰ ਸੇ਼ਰਇੰਦਰ ਸਿੰਘ ਨੇ ਕਿਹਾ ਕਿ ਪੀੜਤਾ ਦੇ ਬਿਆਨਾਂ ਉਪਰੰਤ ਬਣਦੀ ਕਾਰਵਾਈ ਜਾਵੇਗੀ ਤੇ ਬੇਇਨਸਾਫ਼ੀ ਨਹੀਂ ਹੋਵੇਗੀ।