ਨਿੱਜੀ ਪੱਤਰ ਪ੍ਰੇਰਕ
ਮੋਗਾ, 17 ਅਪਰੈਲ
ਗ਼ਦਰੀ ਯੋਧਿਆਂ ਦੀਆਂ ਕੁਰਬਾਨੀਆਂ ਦੇ ਇਤਿਹਾਸ ’ਤੇ ਕਰੀਬ 18 ਪੁਸਤਕਾਂ ਤੇ ਕਈ ਨਾਵਲ ਲਿਖਣ ਵਾਲੇ ਮਾਸਟਰ ਹਰੀ ਸਿੰਘ ਢੁੱਡੀਕੇ ਨੂੰ ਸਾਹਿਤਕਾਰਾਂ, ਲੇਖਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਨਮਾਨਿਆ ਗਿਆ। ਇਸ ਮੌਕੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਾਹਿਤਕਾਰ ਮੁੱਖ ਮਹਿਮਾਨ ਬਲਦੇਵ ਸਿੰਘ ਸੜਕ ਨਾਮਾ ਨੇ ਆਖਿਆ ਕਿ ਲੇਖਕ ਨੇ ਪੁਸਤਕਾਂ ਵਿੱਚ ਪ੍ਰਮੁੱਖ ਗ਼ਦਰੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਪ੍ਰਾਥਮਿਕ ਸ੍ਰੋਤਾਂ ਦੇ ਆਧਾਰ ’ਤੇ ਚਿਤਰਿਆ ਹੈ। ਕੇਂਦਰੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਕਿਹਾ ਜਸਵੰਤ ਕੰਵਲ ਦੇ ਖਾਲੀਪਣ ਨੂੰ ਭਰਨ ਵਿਚ ਲੇਖਕ ਹਰੀ ਸਿੰਘ ਕਾਫੀ ਹੱਦ ਤੱਕ ਕਾਮਯਾਬ ਹੋਏ ਹਨ। ਇਸ ਮੌਕੇ ਡੀਐੱਸਪੀ ਸੁਖਜਿੰਦਰ ਸਿੰਘ, ਏਡੀਸੀ ਵਿਕਾਸ ਸੁਭਾਸ ਚੰਦਰ, ਡੀਡੀਪੀਓ ਜਗਜੀਤ ਸਿੰਘ ਬੱਲ, ਬੀਡੀਪੀਓ ਰਾਜਵਿੰਦਰ ਸਿੰਘ ਸਣੇ ਹੋਰ ਹਾਜ਼ਰ ਸਨ।