ਪੱਤਰ ਪ੍ਰੇਰਕ
ਗਿੱਦੜਬਾਹਾ, 1 ਮਈ
ਨਜ਼ਦੀਕੀ ਪਿੰਡ ਕੋਟਭਾਈ ਵਿੱਚ ਮਾਲ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਸਥਾਨਕ ਸਿਵਲ ਪ੍ਰਸ਼ਾਸਨ ਵੱਲੋਂ ਪਿੰਡ ਦੀ ਸ਼ਾਮਲਾਟ ਦੀ ਕਰੀਬ 5 ਕਨਾਲ ਜ਼ਮੀਨ, ਜੋ ਪਿਛਲੇ ਕਰੀਬ 12 ਸਾਲ ਤੋਂ ਪਿੰਡ ਦੇ ਸਰਪੰਚ ਦੇ ਕਬਜ਼ੇ ਵਿੱਚ ਸੀ, ਦੀ ਮਿਣਤੀ ਪੂਰੀ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਕੁਲਦੀਪ ਸਿੰਘ, ਜਗਜੀਤ ਸਿੰਘ, ਜਗਸੀਰ ਸਿੰਘ ਅਤੇ ਜਸਵੰਤ ਸਿੰਘ ਨੇ ਦੋਸ਼ ਲਗਾਏ ਕਿ ਪਿੰਡ ਦੇ ਮੌਜੂਦਾ ਸਰਪੰਚ ਨੇ ਪਿੰਡ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਇਸ ਸਬੰਧੀ ਪਟੀਸ਼ਨ ਮਾਲ ਕਮਿਸ਼ਨਰ ਫਿਰੋਜ਼ਪੁਰ ਕੋਲ ਪਾਈ ਸੀ। ਉਨ੍ਹਾਂ ਦੱਸਿਆ ਕਿ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਆਇਆ ਤਾਂ ‘ਆਪ’ ਆਗੂ ਪ੍ਰਿਤਪਾਲ ਸ਼ਰਮਾ ਨੇ ਅਧਿਕਾਰੀਆਂ ’ਤੇ ਦਬਾਅ ਬਣਾ ਕੇ ਮਿਣਤੀ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ਸਬੰਧੀ ‘ਆਪ’ ਆਗੂ ਪ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕਿਸੇ ਕੰਮ ਵਿੱਚ ਕੋਈ ਅੜਿੱਕਾ ਨਹੀਂ ਪਾਇਆ, ਉਨ੍ਹਾਂ ਅਧਿਕਾਰੀਆਂ ਨੂੰ ਸਿਰਫ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਹੈ। ਇਸ ਸਬੰਧੀ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਮਿਣਤੀ ਦਾ ਕੰਮ ਮੁਕੰਮਲ ਕਰਕੇ ਇਸ ਦੀ ਰਿਪੋਰਟ ਬਲਾਕ ਪੰਚਾਇਤ ਅਫ਼ਸਰ ਨੂੰ ਭੇਜ ਦਿੱਤੀ ਗਈ ਹੈ, ਅਗਲੀ ਲੋੜੀਂਦੀ ਕਾਰਵਾਈ ਪੰਚਾਇਤ ਵਿਭਾਗ ਵੱਲੋਂ ਕੀਤੀ ਜਾਣੀ ਹੈ।