ਜੋਗਿੰਦਰ ਸਿੰਘ ਮਾਨ
ਮਾਨਸਾ, 24 ਜੂਨ
ਭੈਣੀ ਰਜਵਾਹੇ ਵਿੱਚੋਂ ਨਿਕਲਦੀ ਕੱਸੀ ਦਾ ਨਹਿਰੀ ਪਾਣੀ ਭੈਣੀਬਾਘਾ ਦੇ ਟੇਲ ’ਤੇ ਪੈਂਦੇ ਕਿਸਾਨਾਂ ਦੇ ਖੇਤਾਂ ਨੂੰ ਨਾ ਮਿਲਣ ਕਾਰਨ ਅੱਜ ਪੀੜਤ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਨਹਿਰੀ ਵਿਭਾਗ ਦੇ ਐਕਸੀਅਨ ਦਫ਼ਤਰ ਦਾ ਘਿਰਾਓ ਕਰਕੇ ਅਧਿਕਾਰੀਆਂ ਨੂੰ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਖੇਤ ਇਸ ਕੱਸੀ ਦੇ ਟੇਲ ’ਤੇ ਪੈਂਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇੱਕ ਬੂੰਦ ਵੀ ਖੇਤਾਂ ਨੂੰ ਦੇਣ ਲਈ ਪਾਣੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਵਾਰ-ਵਾਰ ਅਧਿਕਾਰੀਆਂ ਨੂੰ ਮਿਲ ਕੇ ਮਸਲਾ ਧਿਆਨ ’ਚ ਲਿਆਉਣ ਦੇ ਬਾਵਜੂਦ ਟੇਲ ’ਤੇ ਪਾਣੀ ਨਹੀਂ ਪਹੁੰਚ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੇ ਹੋਰ ਮੰਤਰੀ ਹਰ ਰੋਜ਼ ਬਿਆਨ ਦਾਗ ਰਹੇ ਹਨ ਕਿ ਨਹਿਰੀ ਪਾਣੀ ਹਰ ਖੇਤ ਲਈ ਦਿੱਤਾ ਜਾਵੇਗਾ, ਖਾਸ ਕਰ ਕੇ ਟੇਲਾਂ ’ਤੇ ਪਾਣੀ ਪੂਰੀ ਮਾਤਰਾ ਵਿੱਚ ਦਿੱਤਾ ਜਾ ਰਿਹਾ ਹੈ ਪਰ ਅਸਲ ਸੱਚਾਈ ਇਹ ਹੈ ਕਿ ਬਿਆਨ ਸਿਰਫ ਬਿਆਨ ਹੀ ਹਨ ਪਰ ਟੇਲਾਂ ’ਤੇ ਪਾਣੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਦੋ ਘੰਟੇ ਚੱਲੇ ਘਿਰਾਓ ਦੇ ਦੌਰਾਨ ਅਧਿਕਾਰੀਆਂ ਦਾ ਕਿਸਾਨ ਆਗੂਆਂ ਨਾਲ ਗੱਲਬਾਤ ਦਾ ਦੌਰ ਚੱਲਿਆ ਅਖੀਰ ਵਿੱਚ ਖੁਦ ਐਕਸੀਅਨ ਜਗਮੀਤ ਸਿੰਘ ਭਾਖਰ ਨੇ ਭਰੋਸਾ ਦਿੱਤਾ ਕਿ 26 ਜੂਨ ਤੱਕ ਪਾਣੀ ਪੂਰੀ ਮਾਤਰਾ ਵਿੱਚ ਟੇਲਾਂ ’ਤੇ ਪਹੁੰਚਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਕਿਸਾਨਾਂ ਨੇ ਦਫ਼ਤਰ ਦਾ ਘਿਰਾਓ ਖਤਮ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਦਿੱਤੇ ਹੋਏ ਸਮੇਂ ਤੱਕ ਪਾਦੀ ਦਾ ਨਹਿਰੀ ਪਾਣੀ ਦਾ ਪ੍ਰਬੰਧ ਨਾ ਕੀਤਾ ਤਾਂ ਫਿਰ ਮੁੜ ਅੰਦੋਲਨ ਲਈ ਮਜਬੂਰ ਹੋਣਾ ਪਵੇਗਾ।