ਜਸਵੰਤ ਜੱਸ
ਫ਼ਰੀਦਕੋਟ, 8 ਨਵੰਬਰ
ਮਾਲਵੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਫਾਡੀ ਰਹਿਣ ਵਾਲੀ ਬਾਬਾ ਫ਼ਰੀਦ ਯੂਨੀਵਰਸਿਟੀ ਆਰਥਿਕ ਤੌਰ ’ਤੇ ਸਾਰੀਆਂ ਯੂਨੀਵਰਸਿਟੀਆਂ ਤੋਂ ਵੱਧ ਮਜ਼ਬੂਤ ਹੋ ਗਈ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਿੱਤ ਵਿਭਾਗ ਨੇ ਦੋ ਸੌ ਕਰੋੜ ਰੁਪਏ ਦੀਆਂ ਐੱਫ.ਡੀਆਂ ਯੂਨੀਵਰਸਿਟੀ ਦੇ ਨਾਮ ਕਰਵਾਈਆਂ ਹਨ। ਕੁਝ ਸਮਾਂ ਪਹਿਲਾਂ ਤੱਕ ਬਾਬਾ ਫ਼ਰੀਦ ਯੂਨੀਵਰਸਿਟੀ ਆਰਥਿਕ ਤੌਰ ’ਤੇ ਕੰਗਾਲੀ ਵਾਲੇ ਪਾਸੇ ਚਲੀ ਗਈ ਸੀ ਅਤੇ ਇਸ ਕੋਲ ਸਿਰਫ ਪੰਜਾਹ ਕਰੋੜ ਰੁਪਏ ਦੀ ਨਕਦ ਰਾਸ਼ੀ ਬਚੀ ਸੀ। ਆਮ ਲੋਕਾਂ ਨੂੰ ਸਿਹਤ ਸੇਵਾਵਾਂ ਨਾ ਦੇਣ ਕਾਰਨ ਬਾਬਾ ਫਰੀਦ ਯੂਨੀਵਰਸਿਟੀ ਵਿਵਾਦਾਂ ਵਿੱਚ ਘਿਰੀ ਰਹੀ ਹੈ ਅਤੇ ਯੂਨੀਵਰਸਿਟੀ ਹਰ ਵੇਲੇ ਇਹੀ ਤਰਕ ਦਿੰਦੀ ਰਹੀ ਹੈ ਕਿ ਯੂਨੀਵਰਸਿਟੀ ਕੋਲ ਆਰਥਿਕ ਪ੍ਰਬੰਧ ਪੂਰੇ ਨਹੀਂ ਹਨ। ਆਰਥਿਕ ਹਾਲਤ ਵਧੀਆ ਹੋਣ ਦੇ ਬਾਵਜੂਦ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਨਹੀਂ ਹੋਈਆਂ।
ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਨੂੰ ਯੂਨੀਵਰਸਿਟੀ ਦੀਆਂ ਮਾੜੀਆਂ ਸੇਵਾਵਾਂ ਸਬੰਧੀ ਲਿਖਤੀ ਸ਼ਿਕਾਇਤ ਮਿਲੀ ਸੀ। ਇਸ ਸ਼ਿਕਾਇਤ ਦੀ ਪੜਤਾਲ ਕਰਨ ਵਾਲੇ ਅਧਿਕਾਰੀ ਪਰਮਜੀਤ ਸਿੰਘ ਖਹਿਰਾ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਯੂਨੀਵਰਸਿਟੀ ਅਧੀਨ ਚੱਲਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀਆਂ ਸਿਹਤ ਸੇਵਾਵਾਂ ਬੇਹੱਦ ਤਰਸਯੋਗ ਹਨ। ਜਾਂਚ ਅਧਿਕਾਰੀ ਨੇ ਯੂਨੀਵਰਸਿਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਸਾਫ ਸਫਾਈ ਅਤੇ ਬਿਜਲੀ ਦੇ ਪੂਰੇ ਪ੍ਰਬੰਧ ਨਾ ਹੋਣ ਦਾ ਮਾਮਲਾ ਵੀ ਉਜਾਗਰ ਕੀਤਾ ਹੈ। ਯੂਨੀਵਰਸਿਟੀ ਨੇ ਸਿਹਤ ਸੇਵਾਵਾਂ ਦੇਣ ਦੀ ਥਾਂ ਮੈਡੀਕਲ ਸਿੱਖਿਆ ਨੂੰ ਕਾਫੀ ਮਹਿੰਗਾ ਕਰ ਦਿੱਤਾ ਹੈ। ਯੂਨੀਵਰਸਿਟੀ ਅਧੀਨ 109 ਨਰਸਿੰਗ ਕਾਲਜ ਅਤੇ 16 ਮੈਡੀਕਲ ਕਾਲਜ ਚੱਲ ਰਹੇ ਹਨ। ਪਿਛਲੇ ਚਾਰਾਂ ਸਾਲਾਂ ਵਿੱਚ ਫੀਸਾਂ ਲਗਪਗ ਦੁੱਗਣੀਆਂ ਕਰ ਦਿੱਤੀਆਂ ਗਈਆਂ ਹਨ ਜਿਸ ਕਰਕੇ ਯੂਨੀਵਰਸਿਟੀ ਵਿਦਿਆਰਥੀਆਂ ਦੀਆਂ ਫ਼ੀਸਾਂ ਨਾਲ ਆਰਥਿਕ ਤੌਰ ’ਤੇ ਮਜ਼ਬੂਤ ਹੋ ਗਈ ਹੈ।
ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਯੂਨੀਵਰਸਿਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਸਿਹਤ ਸਹੂਲਤਾਂ ਮਾੜੀਆਂ ਮਿਲਣ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਿਹਤ ਸਹੂਲਤਾਂ ਨੂੰ ਮਿਆਰੀ ਬਣਾਉਣ ਲਈ ਰਜਿਸਟਰਾਰ ਦੀ ਸਪੈਸ਼ਲ ਨਿਯੁਕਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਯਕੀਨੀ ਬਣਾਏਗੀ ਕਿ ਸਿਹਤ ਸਹੂਲਤਾਂ ਉੱਚ ਕੋਟੀ ਦੀਆਂ ਅਤੇ ਸਸਤੀਆਂ ਹੋਣ।
ਯੂਨੀਵਰਸਿਟੀ ਨੇ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਮਰੀਜ਼ਾਂ ਉੱਪਰ ਵੀ ਵੱਡੇ ਪੱਧਰ ’ਤੇ ਬੋਝ ਪਾਇਆ ਹੈ। ਹਸਪਤਾਲ ਵਿੱਚ ਇਲਾਜ ਲਈ ਦਸ ਰੁਪਏ ਦੀ ਪਰਚੀ ਕੱਟੀ ਜਾਂਦੀ ਹੈ ਜਦੋਂ ਕਿ ਮਰੀਜ਼ ਨੂੰ ਵਾਹਨ ਪਾਰਕ ਕਰਨ ਲਈ ਵੀਹ ਰੁਪਏ ਪ੍ਰਾਈਵੇਟ ਠੇਕੇਦਾਰ ਨੂੰ ਦੇਣੇ ਪੈਂਦੇ ਹਨ। ਯੂਨੀਵਰਸਿਟੀ ਨੇ ਪਾਰਕਿੰਗ ਦੇ ਠੇਕੇ ਵਿੱਚੋਂ 32 ਲੱਖ ਰੁਪਇਆ ਕਮਾਇਆ ਹੈ ਜਦੋਂ ਕਿ ਖਾਣ ਪੀਣ ਦੀਆਂ ਸਾਰੀਆਂ ਦੁਕਾਨਾਂ ਵੀ ਮਹਿੰਗੇ ਭਾਅ ‘ਤੇ ਠੇਕੇਦਾਰਾਂ ਨੂੰ ਦਿੱਤੀਆਂ ਗਈਆਂ ਹਨ ਜੋ ਮਰੀਜ਼ਾਂ ਅਤੇ ਹਸਪਤਲ ਵਿੱਚ ਆਉਣ ਵਾਲੇ ਉਨ੍ਹਾਂ ਦੇ ਵਾਰਸਾਂ ਤੇ ਰਿਸ਼ਤੇਦਾਰਾਂ ਨੂੰ ਖਾਣ ਪੀਣ ਦੀਆਂ ਜ਼ਰੂਰੀ ਵਸਤਾਂ ਵੀ ਬਾਜ਼ਾਰ ਨਾਲੋਂ ਦੁੱਗਣੇ ਭਾਅ ਤੇ ਮੁਹੱਈਆ ਕਰਵਾਉਂਦੇ ਹਨ।
ਕੀ ਕਹਿਣਾ ਹੈ ਵਾਈਸ ਚਾਂਸਲਰ ਦਾ
ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੌਰਾਨ ਸਖ਼ਤ ਮਿਹਨਤ ਕੀਤੀ ਹੈ ਜਿਸ ਕਰਕੇ ਯੂਨੀਵਰਸਿਟੀ ਦੀ ਆਰਥਿਕ ਹਾਲਤ ਸੁਧਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯੂਨੀਵਰਸਿਟੀ ਅਧੀਨ ਚੱਲ ਰਹੇ ਹਸਪਤਾਲ ਵਿੱਚ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਿੱਜੀ ਹਸਪਤਾਲਾਂ ਦੇ ਮੁਕਾਬਲੇ ਇਹ ਸੇਵਾਵਾਂ ਕਾਫੀ ਸਸਤੀਆਂ ਹਨ।