ਖੇਤਰੀ ਪ੍ਰਤੀਨਿਧ
ਬਰਨਾਲਾ, 1 ਨਵੰਬਰ
ਇੱਥੇ 32 ਕਿਸਾਨ ਜਥੇਬੰਦੀਆਂ ’ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 397 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਗਦਰੀ ਬਾਬਿਆਂ ਦੇ 30ਵੇਂ ਮੇਲੇ ਸਮੇਂ ਯਾਦ ਕੀਤੇ ਜਾ ਰਹੇ ਬੱਬਰ ਅਕਾਲੀਆਂ ਦੀ ਸ਼ਹਾਦਤ ਨੂੰ ਕਿਸਾਨ ਮੋਰਚੇ ਦੀ ਸਟੇਜ ਤੋਂ ਬੁਲਾਰਿਆਂ ਨੇ ਯਾਦ ਕਰਦਿਆਂ ਕਿਹਾ ਕਿ ਪਗੜੀ ਸੰਭਾਲ ਜੱਟਾ ਲਹਿਰ ਤੋਂ ਬਾਅਦ ਗਦਰ ਲਹਿਰ ਰਾਹੀਂ ਬੱਬਰ ਅਕਾਲੀਆਂ ਦੇ ਰੂਪ ਵਿੱਚ ਕਈ ਸਾਲ ਸਰਗਰਮ ਰਹੀ।
ਲਹਿਰ ਨੇ ਲੰਬਾ ਸਮਾਂ ਅੰਗਰੇਜ਼ ਹਕੂਮਤ ਨੂੰ ਵਕਤ ਪਾਈ ਰੱਖਿਆ। ਅਜੋਕੇ ਸਮੇਂ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਉਸੇ ਕੜੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਬੁਲਾਰਿਆਂ ਨੇ ਪੰਜਾਬੀ ਬੋਲੀ ਬਾਰੇ ਵੀ ਬਾਖੂਬੀ ਚਰਚਾ ਕੀਤੀ। ਇਸ ਦੌਰਾਨ ਬੁਲਾਰਿਆਂ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਗੁਰਚਰਨ ਸਿੰਘ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਸਿੰਦਰ ਸਿੰਘ, ਕੁਲਵੰਤ ਸਿੰਘ ਠੀਕਰੀਵਾਲਾ, ਬਲਵੀਰ ਕੌਰ ਕਰਮਗੜ੍ਹ, ਉਜਾਗਰ ਸਿੰਘ ਬੀਹਲਾ, ਬਿੱਕਰ ਸਿੰਘ ਔਲਖ ਨੇ ਸੰਬੋਧਨ ਕੀਤਾ। ਇਸ ਦੌਰਾਨ ਰਾਜਵਿੰਦਰ ਸਿੰਘ ਮੱਲੀ ਨੇ ਕਵੀਸ਼ਰੀ ਸੁਣਾਈ।
‘ਬਾਰਡਰ ਜਬਰਦਸਤੀ ਖਾਲੀ ਨਹੀਂ ਕਰਾਉਣ ਦਿੱਤੇ ਜਾਣਗੇ’
ਮਾਨਸਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਮਾਨਸਾ ਵਿੱਚ ਲੱਗਿਆ ਪੱਕਾ ਕਿਸਾਨ ਮੋਰਚਾ ਅੱਜ 397ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਮੋਦੀ ਸਰਕਾਰ ਜਬਰਦਸਤੀ ਕਰਕੇ ਬਾਰਡਰ ਖਾਲੀ ਕਰਨ ਦੀ ਇੱਛਾ ਨਾਲ ਕੰਮ ਕਰ ਰਹੀ ਹੈ, ਜੋ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਕਿਸਾਨੀ ਮੋਰਚੇ ’ਤੇ ਕੀਤਾ ਹਰ ਹਮਲਾ ਨਕਾਰ ਦਿੱਤਾ ਜਾਵੇਗਾ ਤੇ ਕਾਲੇ ਕਾਨੂੰਨ ਵਾਪਸੀ ਕਰਵਾ ਕੇ ਸੰਘਰਸ਼ ਸਮਾਪਤ ਹੋਵੇਗਾ।ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਮੰਗ ਕੀਤੀ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ, ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਅਤੇ ਲਖੀਰਪੁਰ ਖੀਰੀ ਘਟਨਾ ਲਈ ਵਿਜੈ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਵੇ, ਜਦੋਂਕਿ ਕਿਸਾਨਾਂ ’ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਇਸ ਮੌਕੇ ਤੇਜ ਸਿੰਘ ਚਕੇਰੀਆ, ਸੁਖਚਰਨ ਦਾਨੇਵਾਲੀਆ, ਜਸਵੰਤ ਸਿੰਘ ਜਵਾਹਰਕੇ, ਦਲਜੀਤ ਦੂਲੋਵਾਲ ਤੇ ਇਕਬਾਲ ਮਾਨਸਾ ਨੇ ਵੀ ਸੰਬੋਧਨ ਕੀਤਾ।