ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 5 ਜੂਨ
ਮੁਕਤਸਰ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਸੜਕਾਂ ਵਿੱਚ ਡੂੰਘੇ ਖੱਡੇ ਪੈ ਗਏ ਹਨ। ਖੱਡਿਆਂ ਕਾਰਨ ਲੋਕਾਂ ਦੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ। ਬਾਰਸ਼ਾਂ ਦੇ ਦਿਨਾਂ ਵਿੱਚ ਤਾਂ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ। ਪਾਣੀ ਭਰਨ ਕਰਕੇ ਖੱਡੇ ਵਿਖਾਈ ਨਹੀਂ ਦਿੰਦੇ ਤੇ ਸਕੂਟਰ-ਮੋਟਰ ਸਾਈਕਲਾਂ ਵਾਲੇ ਖੱਡਿਆਂ ਵਿੱਚ ਡਿੱਗ ਜਾਂਦੇ ਹਨ ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕਦੀ। ਮਜ਼ਬੂਰ ਹੋਏ ਲੋਕ ਖੁਦ ਹੀ ਖੱਡਿਆਂ ਵਿੱਚ ਮਲਬਾ ਤੇ ਇੱਟਾਂ ਰੋੜੇ ਸਿੱਟ ਦਿੰਦੇ ਹਨ। ਨਗਰ ਕੌਂਸਲ ਵੱਲੋਂ ਜਿਹੜੀਆਂ ਸੜਕਾਂ ਉਪਰ ਮਹਿਜ਼ ਚਾਰ ਕੁ ਮਹੀਨੇ ਪਹਿਲਾਂ ਹੀ ਇੰਟਰ ਲਾਕ ਟਾਈਲਾਂ ਲਾਈਆਂ ਗਈਆਂ ਸਨ ਉਹ ਵੀ ਬੈਠ ਗਈਆਂ ਹਨ। ਲੋਕਾਂ ਦੀ ਮੰਗ ਹੈ ਕਿ ਸੜਕਾਂ ਦੀ ਸਾਰ ਲਈ ਜਾਵੇ।
ਸੜਕ ਦੀ ਖਸਤਾ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਸੇਲਬਰਾਹ ਤੋਂ ਭਾਈਰੂਪਾ ਨੂੰ ਆਉਣ ਵਾਲੀ ਲਿੰਕ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ। ਇਸ ਸੜਕ ਉਪਰ ਦੀ ਲੰਘਣ ਵਾਲੇ ਰਾਹਗੀਰ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਇਸ ਬਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਸੇਲਬਰਾਹ ਨੇ ਦੱਸਿਆ ਕਿ ਥਾਂ-ਥਾਂ ਤੋਂ ਟੁੱਟੀ ਇਸ ਸੜਕ ਉਪਰ ਤਕਰੀਬਨ 6 ਮਹੀਨੇ ਪਹਿਲਾਂ ਮੁਰੰਮਤ ਲਈ ਸਬੰਧਿਤ ਮਹਿਕਮੇ ਵੱਲੋਂ ਵੱਟੇ ਪਾਏ ਗਏ ਸਨ ਪਰ ਕੰਮ ਉਸ ਤੋਂ ਅੱਗੇ ਨਹੀਂ ਵਧ ਸਕਿਆ ਅਤੇ ਗਟਕੇ ਕਾਰਨ ਰੋਜ਼ਾਨਾ ਵਾਹਨਾਂ ਅਤੇ ਖੇਤਾਂ ਨੂੰ ਜਾਣ ਵਾਲੇ ਕਿਸਾਨਾਂ ਨੂੰ ਬਹੁਤ ਮੁਸ਼ਕਲ ਆਊਂਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਸੜਕ ਨੂੰ ਜਲਦੀ ਬਣਾਉਣ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹਲ ਕਰਨ ਲਈ ਕਿਹਾ।