ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੁਲਾਈ
ਸ਼ਹੀਦ ਭਗਤ ਸਿੰਘ ਨਗਰ ਸੁਧਾਰ ਸਭਾ ਮਾਨਸਾ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਵੇਂ ਸੂਬੇ ਵਿੱਚ ਸਰਕਾਰ ਬਦਲ ਜਾਵੇ ਭਾਵੇਂ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਬਦਲ ਦਿੱਤੇ ਜਾਣ, ਪਰ ਮਾਨਸਾ ਸ਼ਹਿਰ ਦੀ ਸਫ਼ਾਈ ਦੀ ਸਮੱਸਿਆ ਪ੍ਰਤੀ ਕੋਈ ਵੀ ਗੰਭੀਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਲੇ, ਨਾਲੀਆਂ ਅਤੇ ਗਲੀਆਂ ਦੀ ਸਫ਼ਾਈ ਦਾ ਹਾਲ ਬੁਰਾ ਹੀ ਰਹਿੰਦਾ ਹੈ ਅਤੇ ਉਪਰੋਂ ਥੋੜੇ ਜਿਹੇ ਮੀਂਹ ਕਈ-ਕਈ ਦਿਨ ਰਹਿੰਦੇ ਚਿੱਕੜ ਸਿਆਸੀ ਨੇਤਾਵਾਂ ਦੇ ਵਾਅਦਿਆਂ ਦੀ ਪੋਲ ਖੋਲ੍ਹ ਦਿੰਦੇ ਹਨ। ਸਭਾ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਸ਼ਹਿਰ ਦੇ ਨਾਲੇ ਅਤੇ ਗਲੀਆਂ ਨਾਲੀਆਂ ਦੀ ਸਫ਼ਾਈ ਸਬੰਧੀ ਉਹ ਕਈ ਵਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਮੇਤ ਸਬੰਧਿਤ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਸਮੱਸਿਆ ਦੇ ਹੱਲ ਦੀ ਕਾਰਵਾਈ ਕਰਨ ਦੀ ਕੋਈ ਅਧਿਕਾਰੀ ਕੋਸ਼ਿਸ਼ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 27 ਵਿੱਚ ਪਹਿਲਾਂ ਤਾਂ ਕੋਈ ਸੀਵਰੇਜ, ਗਲੀਆਂ-ਨਾਲੀਆਂ ਦੀ ਸਫ਼ਾਈ ਲਈ ਆਉਂਦਾ ਹੀ ਨਹੀਂ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਸੀਵਰੇਜ, ਨਾਲੀਆਂ ਅਤੇ ਗਲੀਆਂ ਦੀ ਸਫ਼ਾਈ ਕਰਵਾਈ ਜਾਵੇ।