ਪੱਤਰ ਪ੍ਰੇਰਕ
ਭੁੱਚੋ ਮੰਡੀ, 14 ਸਤੰਬਰ
ਕਿਸਾਨ ਔਰਤਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ 15 ਸਤੰਬਰ ਨੂੰ ਪਿੰਡ ਬਾਦਲ ਵਿੱਚ ਲਗਾਏ ਜਾਣ ਵਾਲੇ ਮੋਰਚੇ ਦੀ ਸਫ਼ਲਤਾ ਲਈ ਘਰ ਘਰ ਜਾ ਕੇ ਲਾਮਬੰਦ ਕੀਤਾ ਗਿਆ ਅਤੇ ਲੰਗਰ ਲਈ ਰਾਸ਼ਨ ਇਕੱਠਾ ਕੀਤਾ। ਇਸ ਦੌਰਾਨ ਉਨ੍ਹਾਂ ਗਲੀਆਂ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਬਿਲ ਰੱਦ ਕਰਵਾਉਣ ਲਈ ਆਰਪਾਰ ਦੀ ਲੜਾਈ ਲੜੀ ਜਾਵੇਗੀ। ਇਸ ਮੌਕੇ ਆਗੂ ਸਿਮਰਜੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਸਾਂਝੀਆਂ ਥਾਵਾਂ ’ਤੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਬਾਦਲ ਮੋਰਚੇ ਵਿੱਚ ਸ਼ਾਮਲ ਹੋਣ ਦਾ ਹੋਕਾ ਦਿੱਤਾ।
ਚਾਉਕੇ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਜੇਠੂਕੇ ਵੱਲੋਂ 15 ਸਤੰਬਰ ਤੋਂ ਬਾਦਲ ਪਿੰਡ ਵਿੱਚ ਪੰਜ ਰੋਜ਼ਾ ਦਿਨ ਰਾਤ ਧਰਨੇ ਲਾਉਣ ਸਬੰਧੀ ਅੱਜ ਪਿੰਡ ਵਿੱਚੋਂ ਰਾਸ਼ਨ ਇਕੱਠਾ ਕੀਤਾ ਗਿਆ। ਬੀਕੇਯੂ ਉਗਰਾਹਾਂ ਦੇ ਆਗੂ ਨਿੱਕਾ ਸਿੰਘ ਜੇਠੂਕੇ ਅਤੇ ਬੇਅੰਤ ਸਿੰਘ ਜੇਠੂਕੇ ਨੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪਿੰਡ ਬਾਦਲ ਵਿੱਚ ਦਿੱਤੇ ਜਾ ਰਹੇ ਧਰਨੇ ਲਈ ਪਿੰਡ ’ਚੋਂ ਰਾਸ਼ਨ ਇਕੱਠਾ ਕੀਤਾ ਅਤੇ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਘਰ ਘਰ ਸੱਦਾ ਦਿੱਤਾ। ਇਸ ਮੌਕੇ ਬੀਰੂ ਸਿੰਘ,ਬਿਸਕੀ ਸਿੰਘ ਲਾਡੀ ਸਿੰਘ, ਜੁਗਰਾਜ ਸਿੰਘ, ਭੋਲਾ ਸਿੰਘ, ਬਲਵੀਰ ਸਿੰਘ ਅਤੇ ਸੁਖਦੇਵ ਸਿੰਘ ਹਾਜ਼ਰ ਸਨ।