ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 19 ਅਗਸਤ
ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਸਾਬਕਾ ਸਰਪੰਚ ਗੁਰਸ਼ਰਨਜੀਤ ਸਿੰਘ ਪੱਪੂ ਦੀ ਅਗਵਾਈ ’ਚ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਐੱਸਜੀਪੀਸੀ ਦੀ ਮਰਯਾਦਾ ਨੂੰ ਲੀਰੋ ਲੀਰ ਕਰ ਦਿੱਤਾ ਹੈ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਬੰਧੀ ਉਨ੍ਹਾਂ ਕਿਹਾ ਕਿ ਬਹਬਿਲ ਕਲਾਂ ਅਤੇ ਬਰਗਾੜੀ ਵਿੱਚ ਨਿਹੱਥੇ ਸਿੰਘਾਂ ’ਤੇ ਪੁਲੀਸ ਨੇ ਲਾਠੀਚਾਰਜ ਕਰਨ ਤੋਂ ਇਲਾਵਾ 2 ਸਿੱਖ ਨੌਜਵਾਨ ਗੋਲੀ ਨਾਲ ਭੁੰਨ ਦਿੱਤੇ। ਬੇਅਦਬੀਆਂ ਸਬੰਧੀ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਅਤੇ ਨਾ ਹੀ ਕੈਪਟਨ ਹਕੂਮਤ ਵੱਲੋਂ ਸਿੱਖ ਕੌਮ ਨੂੰ ਇਨਸਾਫ ਦਿੱਤਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਕੇਂਦਰ ਸਰਕਾਰ ਤੁਰੰਤ ਕਰਵਾਏ। ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਜਿਸ ਤਰ੍ਹਾਂ ਮਾਝੇ ’ਚ ਬਾਦਲਾਂ ਦੇ ਪੈਰ ਉੱਖੜ ਗਏ ਹਨ, ਹੁਣ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਇਨ੍ਹਾਂ ਨੂੰ ਮਾਲਵੇ ’ਚੋਂ ਵੀ ਭਜਾਏਗਾ। ਉਨ੍ਹਾਂ ਨੇ ਕੈਪਟਨ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਲੋਕ ਮਰ ਗਏ ਪਰ ਕੈਪਟਨ ਦੇ ਕੰਨ੍ਹ ’ਤੇ ਜੂੰ ਨਹੀਂ ਸਰਕੀ। ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸੰਬੋਧਨ ਕਰਦਿਆ ਕਿਹਾ ਕਿ ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਨੂੰ ਕਿਹਾ ਸੀ ਕਿ ਨਵੀਂ ਪਾਰਟੀ ਦੀ ਬਜਾਏ ਟਕਸਾਲੀ ਦਲ ਦੇ ਪ੍ਰਧਾਨ ਬਣ ਜਾਣ ਪਰ ਉਨ੍ਹਾਂ ਨੂੰ ਪ੍ਰਧਾਨਗੀ ਦਾ ਚਾਅ ਜ਼ਿਆਦਾ ਸੀ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਦਾ ਚਾਅ ਘੱਟ। ਇਸ ਲਈ ਸਾਡੇ ਨਾਲ ਏਕਤਾ ਕਰਨ ਦੀ ਬਜਾਏ ਨਵੀਂ ਪਾਰਟੀ ਬਣਾ ਲਈ।
ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਸੌਦਾ ਸਾਧ ਨੂੰ ਦਿੱਤੀ ਮੁਆਫੀ ਕਾਰਨ ਹੀ ਅਕਾਲੀ ਦਲ ਬਾਦਲ ਦਾ ਪਤਨ ਹੋਇਆ ਹੈ। ਇਸ ਮੌਕੇ 20 ਤੋਂ ਵੱਧ ਅਕਾਲੀ ਆਗੂਆਂ ਨੇ ਬਾਦਲ ਦਲ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ’ਚ ਸ਼ਮੂਲੀਅਤ ਕੀਤੀ।