ਰਵਿੰਦਰ ਰਵੀ
ਬਰਨਾਲਾ 13 ਮਈ
ਇੱਥੇ ਅੱਜ ਬਡਬਰ ਟੌਲ ਪਲਾਜ਼ਾ ਦੇ ਮੁਲਾਜ਼ਮਾਂ ’ਤੇ ਪਰਚੀ ਕੱਟਣ ਦੇ ਨਾਮ ’ਤੇ ਦੋ ਔਰਤਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲੱਗੇ ਹਨ। ਟੌਲ ਪਲਾਜ਼ਾ ਤੋਂ ਲੰਘ ਰਹੇ ਸਿੱਖ ਨੌਜਵਾਨ ਨੇ ਜਦੋਂ ਔਰਤਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮਾਂ ਵੱਲੋਂ ਨੌਜਵਾਨ ਦੀ ਕਾਫੀ ਕੁੱਟਮਾਰ ਕੀਤੀ ਗਈ। ਮੁਲਾਜ਼ਮਾਂ ਨੇ ਦੋਵੇਂ ਔਰਤਾਂ ਅਤੇ ਸਿੱਖ ਨੌਜਵਾਨ ਨੂੰ ਗਾਲ੍ਹਾਂ ਵੀ ਕੱਢੀਆਂ। ਟੌਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਖ਼ਿਲਾਫ਼ ਉੱਥੋਂ ਲੰਘ ਰਹੇ ਲੋਕਾਂ ਨੇ ਟੌਲ ਪਲਾਜ਼ਾ ਜਾਮ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਰਾਜੇਸ਼ ਸਨੇਹੀ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ।
ਕਥਿਤ ਬਦਸਲੂਕੀ ਦਾ ਸ਼ਿਕਾਰ ਹੋਈਆਂ ਔਰਤਾਂ ਹਰਪ੍ਰੀਤ ਕੌਰ ਅਤੇ ਸਰਬਜੀਤ ਕੌਰ ਵਾਸੀ ਭਦੌੜ ਨੇ ਦੱਸਿਆ ਕਿ ਸਵੇਰੇ 10.30 ਵਜੇ ਦੇ ਕਰੀਬ ਸੰਗਰੂਰ ਨੂੰ ਜਾਣ ਵੇਲੇ 200 ਰੁਪਏ ਦੇ ਕੇ ਪਰਚੀ ਕਟਵਾਈ ਸੀ। ਜਦੋਂ ਉਹ ਦੁਪਹਿਰ 12.35 ਵਜੇ ਵਾਪਸ ਆ ਰਹੀਆਂ ਸਨ ਤਾਂ ਟੌਲ ਪਲਾਜ਼ਾ ਵਾਲਿਆਂ ਨੇ ਧੱਕੇ ਨਾਲ 200 ਰੁਪਏ ਦੀ ਪਰਚੀ ਫਿਰ ਕੱਟ ਦਿੱਤੀ। ਇਸ ਸਬੰਧੀ ਪੁੱਛਣ ’ਤੇ ਟੌਲ ਮੁਲਾਜ਼ਮਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਿਛਲੀ ਗੱਡੀ ਵਾਲਾ ਨੌਜਵਾਨ ਸੁਖਰਾਜ ਸਿੰਘ ਨੇ ਟੌਲ ਮੁਲਾਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮਾਂ ਨੇ ਉਸ ਦੀ ਦਾੜੀ ਪੁੱਟ ਦਿੱਤੀ। ਇਸ ਤੋਂ ਰੋਹ ’ਚ ਆਏ ਰਾਹਗੀਰਾਂ ਦੇ ਨਾਲ ਰਲ ਕੇ ਉਨ੍ਹਾਂ ਨੇ ਟੌਲ ਪਲਾਜ਼ਾ ਬੰਦ ਕਰ ਦਿੱਤਾ। ਥਾਣਾ ਧਨੌਲਾ ਦੇ ਮੁਖੀ ਸੁਖਵਿੰਦਰ ਸਿੰਘ, ਡੀਐੱਸਪੀ (ਐੱਚ) ਰਾਜੇਸ਼ ਸਨੇਹੀ, ਇੰਸਪੈਕਟਰ ਬਲਜੀਤ ਸਿੰਘ ਸੰਧੂ ਆਦਿ ਨੇ ਹਰਪ੍ਰੀਤ ਕੌਰ ਸੰਧੂ, ਸਰਬਜੀਤ ਕੌਰ ਭਦੌੜ ਅਤੇ ਸੁਖਰਾਜ ਸਿੰਘ ਦੇ ਬਿਆਨਾਂ ਤੇ ਸੀਰਾ ਸਿੰਘ ਚੰਗਾਲ, ਗੁਰਪ੍ਰੀਤ ਸਿੰਘ ਲੌਂਗੋਵਾਲ, ਚਮਕੌਰ ਸਿੰਘ ਬਡਬਰ ਅਤੇ ਟੌਲ ਪਲਾਜ਼ਾ ਦੇ ਮੈਨੇਜਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਲੋਕ ਟੌਲ ਪਲਾਜ਼ਾ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਨ। ਮੁਲਾਜ਼ਮ ਅਕਸਰ ਕਾਰਾਂ, ਬੱਸਾਂ, ਟਰੱਕਾਂ ਤੇ ਹੋਰ ਵਾਹਨਾਂ ਦੇ ਚਾਲਕਾਂ ਨਾਲ ਝਗੜਾ ਕਰਦੇ ਰਹਿੰਦੇ ਹਨ। ਹਾਲੇ ਕੁੱਝ ਦਿਨ ਪਹਿਲਾਂ ਵੀ ਟੌਲ ਪਲਾਜ਼ਾ ਦੇ ਮੁਲਾਜਮਾਂ ਨੇ ਇੱਕ ਟਰੈਕਟਰ ਚਾਲਕ ਦੀ ਕੁੱਟਮਾਰ ਕੀਤੀ ਸੀ ਤੇ ਮਗਰੋਂ ਕਿਸਾਨ ਯੂਨੀਅਨ ਦੇ ਆਗੂਆਂ ਕੋਲੋਂ ਮੁਆਫੀ ਮੰਗ ਕੇ ਖਹਿੜਾ ਛੁਡਾਇਆ ਸੀ।