ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਮਈ
ਇਥੇ ਬੱਧਨੀ ਕਲਾਂ ਨਗਰ ਪੰਚਾਇਤ ਪ੍ਰਧਾਨ ਦੀ ਚੋਣ ਅੱਜ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ। ਇਹ ਚੋਣ ਵੀ ਸਿਆਸੀ ਧੜੇਬੰਦੀ ਕਾਰਨ ਉਲਝ ਗਈ ਹੈ।
ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਦੀ ਚੋਣ ਲਈ ਕਾਰਜਕਾਰੀ ਤਹਿਸੀਲਦਾਰ ਧਰਮਕੋਟ ਮਨਿੰਦਰ ਸਿੰਘ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਚੋਣ ਤੋਂ ਪਹਿਲਾਂ ਹਦਾਇਤਾਂ ਅਨੁਸਾਰ ਸਾਰੇ 13 ਕੌਂਸਲਰਾਂ ਨੂੰ ਸਹੁੰ ਚੁਕਾਈ ਗਈ। ਇਸ ਮਗਰੋਂ ਪ੍ਰਧਾਨ ਤੇ ਹੋਰਨਾਂ ਅਹੁਦਿਆਂ ਦਾ ਚੋਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਦੇ ਕਾਰਜਕਾਰੀ ਅਫ਼ਸਰ ਅਸ਼ੀਸ਼ ਕੁਮਾਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਚੋਣ ਵਿੱਚ ਸਿਰਫ਼ 6 ਕੌਂਸਲਰਾਂ ਨੇ ਹਿੱਸਾ ਲਿਆ, ਜਿਸ ਕਾਰਨ ਕੋਰਮ ਪੂਰਾ ਨਾ ਹੋ ਸਕਿਆ ਤੇ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮੌਕੇ ਹਾਲਾਤ ਵਿਗੜਨ ਦੇ ਡਰੋਂ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜਮ ਵੀ ਤਾਇਨਾਤ ਕੀਤੇ ਗਏ ਸਨ। ਐੱਸਪੀ ਜਗਤਪ੍ਰੀਤ ਸਿੰਘ ਤੇ ਡੀਐੱਸਪੀ ਪਰਸਨ ਸਿੰਘ ਨੇ ਹਾਲਾਤ ਦਾ ਜਾਇਜ਼ਾ ਲਿਆ।
ਇਥੇ ਹਲਕਾ ਵਿਧਾਇਕ ‘ਆਪ’ ਦਾ ਹੈ। ਪ੍ਰਧਾਨਗੀ ਲਈ ਬਾਘਾਪੁਰਾਣਾ ਤੋਂ ਹਾਕਮ ਧਿਰ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਰਮਿਆਨ ਰੱਸਾਕਸ਼ੀ ਚੱਲ ਰਹੀ ਹੈ। ਸੂਤਰਾਂ ਅਨੁਸਾਰ ਦਰਸ਼ਨ ਸਿੰਘ ਬਰਾੜ ਆਪਣੇ ਚਹੇਤੇ ਜਗਜੀਤ ਸਿੰਘ ਨੂੰ ਤੇ ਬੀਬੀ ਭਾਗੀਕੇ ਜੀਵਨ ਗਰਗ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਨ। ਬੱਧਨੀ ਕਲਾਂ ਨਗਰ ਪੰਚਾਇਤ ਦਾ ਪ੍ਰਧਾਨ ਚੁਣਨ ਲਈ ਹਾਕਮ ਧਿਰ ਕੋਲ ਬਹੁਮਤ ਹੈ ਅਤੇ 13 ਵਿੱਚੋਂ 9 ਕੌਂਸਲਰ ਹਾਕਮ ਧਿਰ ਦੇ ਹਨ।