ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਜੁਲਾਈ
ਇੱਥੇ ਗੈਂਗਸਟਰਾਂ ਵੱਲੋਂ 72 ਘੰਟਿਆਂ ਵਿਚ ਦੂਜੀ ਵਾਰਦਾਤ ਨੂੰ ਅੰਜਾਮ ਦੇਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਇੱਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਬੁੱਟਰ ਕਲਾਂ-ਰਣੀਆਂ ਲਿੰਕ ਰੋਡ ਉੱਤੇ ਬੀਤੀ ਸ਼ਾਮ ਟਰੈਕਟਰ ਚਾਲਕ ਉੱਤੇ ਗੋਲੀਬਾਰੀ ਦੇ ਦੋਸ਼ ਹੇਠ ਪੁਲੀਸ ਨੇ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਉਰਫ਼ ਬਦਰਾ ਪਿੰਡ ਬੁੱਟਰ ਕਲਾਂ ਦੇ ਬਿਆਨ ’ਤੇ ਗੈਂਗਸਟਰ ਨਵਦੀਪ ਸਿੰਘ ਉਰਫ਼ ਨਵੀ ਉਰਫ਼ ਜੌਨ ਪਿੰਡ ਬੁੱਟਰ ਕਲਾਂ ਅਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਗਿੱਲ ਲੰਮੇ ਜੱਟਪੁਰਾ (ਲੁਧਿਆਣਾ) ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਮਲਾਵਰਾਂ ਦੀ ਪਿੰਡ ਦੇ ਇਕ ਸਾਬਕਾ ਸਰਪੰਚ ਨਾਲ ਪੁਰਾਣੀ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਗਿੱਲ ਲੰਮੇ ਜੱਟਪੁਰਾ ਨੇ 5 ਦਿਨ ਪਹਿਲਾਂ ਮੋਗਾ ’ਚ ਕਾਰੋਬਾਰੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ।
ਪੁਲੀਸ ਮੁਤਾਬਕ ਪਿੰਡ ਬੁੱਟਰ ਕਲਾਂ ਵਿਚ ਨੌਜਵਾਨ ਸਾਂਝੇ ਥਾਂ ਉੱਤੇ ਮਿੱਟੀ ਦੀ ਭਰਤੀ ਪਾ ਰਹੇ ਸਨ ਤੇ ਹਰਸਿਮਰਨ ਸਿੰਘ ਪਿੰਡ ਬੁੱਟਰ ਕਲਾਂ ਤੇ ਅਮਨਦੀਪ ਸਿੰਘ ਟਰੈਕਟਰ ਟਰਾਲੀ ਵਿਚ ਮਿੱਟੀ ਭਰ ਕੇ ਲਿਆ ਰਹੇ ਸਨ। ਉਹ ਜਦੋਂ ਪਿੰਡ ਬੁੱਟਰ ਕਲਾਂ-ਰਣੀਆਂ ਲਿੰਕ ਰੋਡ ਉੱਤੇ ਆ ਰਹੇ ਸਨ ਤਾਂ ਮੋਟਰਸਾਈਕਲ ਉੱਤੇ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਟਰੈਕਟਰ ਚਾਲਕ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਲੱਤ ’ਤੇ ਵੱਜੀ। ਹਮਲਾਵਰਾਂ ਨੇ ਟਰੈਕਟਰ ਅੱਗੇ ਮੋਟਰ ਸਾਈਕਲ ਕਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਟਰੈਕਟਰ ਚਾਲਕ ਹਰਸਿਮਰਨ ਸਿੰਘ ਨੇ ਆਪਣਾ ਟਰੈਕਟਰ, ਗੈਂਗਸਟਰਾਂ ਦੇ ਮੋਟਰਸਾਈਕਲ ਉੱਤੇ ਚੜ੍ਹਾ ਦਿੱਤਾ। ਉਹ ਮੋਟਰਸਾਈਕਲ ਉੱਥੇ ਹੀ ਛੱਡ ਕੇ ਅਤੇ ਨਿਰਮਲ ਸਿੰਘ ਪਿੰਡ ਬੁੱਟਰ ਕਲਾਂ ਦਾ ਮੋਟਰ ਸਾਈਕਲ ਖੋਹ ਕੇ ਫ਼ਰਾਰ ਹੋ ਗਏੇ।