ਜਗਜੀਤ ਸਿੱਧੂ
ਤਲਵੰਡੀ ਸਾਬੋ, 11 ਅਪਰੈਲ
ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 12 ਤੋਂ 15 ਅਪਰੈਲ ਤੱਕ ਚਾਰ ਦਿਨ ਲੱਗਣ ਵਾਲੇ ਪ੍ਰਸਿੱਧ ਵਿਸਾਖੀ ਮੇਲੇ ਦੀਆਂ ਤਿਆਰੀਆਂ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਕਰੋਨਾ ਮਹਾਮਾਰੀ ਕਰਕੇ ਪਿਛਲੇ ਦੋ ਮੇਲਿਆਂ ਦੇ ਨਾ ਲੱਗਣ ਬਾਅਦ ਇਸ ਵਾਰ ਵਿਸਾਖੀ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਦੇ ਪਹੁੰਚਣ ਦੀ ਆਸ ਹੈ।
ਮੇਲੇ ਮੌਕੇ ਆਰਜ਼ੀ ਦੁਕਾਨਾਂ ਸਜ ਚੁੱਕੀਆਂ ਹਨ। ਚੰਡੋਲਾਂ, ਝੂਲੇ ਆਦਿ ਮੇਲੀਆਂ ਦੀ ਖਿੱਚ ਦਾ ਕੇਂਦਰ ਬਣਨਗੇ।ਤਖ਼ਤ ਦਮਦਮਾ ਸਾਹਿਬ ਦੇ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਖਾਣੇ ਤੇ ਰਿਹਾਇਸ਼ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਹਨ। ਮੇਲੇ ਵਿੱਚ ਮਾੜੇ ਅਨਸਰਾਂ ’ਤੇ ਕਰੜੀ ਨਿਗਾਹ ਰੱਖਣ ਲਈ ਤਖ਼ਤ ਸਾਹਿਬ ਦੀ ਹਦੂਦ ਅੰਦਰ ਕੈਮਰਿਆਂ ਦੇ ਪ੍ਰਬੰਧਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ। ਤਖ਼ਤ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ, ਚੌਕਾਂ ਤੇ ਤਖ਼ਤ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਅਤਿ ਸੁੰਦਰ ਸਜਾਵਟ ਨਾਲ ਦੁਲਹਣ ਵਾਂਗ ਸਜਾਇਆ ਗਿਆ ਹੈ। ਬੱਸ ਅੱਡੇ ਕੋਲ ਨਿਸ਼ਾਨ ਏ ਖਾਲਸਾ ਚੌਂਕ (ਖੰਡਾ ਚੌਕ) ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦੂਜੇ ਪਾਸੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੇਲੇ ਨੂੰ ਕੰਟਰੋਲ ਕਰਨ ਲਈ ਇਸ ਨੂੰ ਸੱਤ ਸੈਕਟਰਾਂ ’ਚ ਵੰਡਿਆ ਗਿਆ ਹੈ। ਹਰ ਸੈਕਟਰ ਵਿੱਚ ਬੂਥ ਬਣਾਏ ਗਏ ਹਨ। ਇਨ੍ਹਾਂ ਦਾ ਸਿੱਧਾ ਸਬੰਧ ਬਣਾਏ ਗਏ ਕੰਟਰੋਲ ਰੂਮਾਂ ਨਾਲ ਰਹੇਗਾ। ਮੇਲੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ’ਚ ਪਹੁੰਚੀ ਪੁਲੀਸ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਆਵਾਜਾਈ ਕੰਟਰੋਲ ਕਰਨ ਲਈ ਸ਼ਹਿਰ ਨੂੰ ਬਾਹਰੋਂ ਆਉਂਦੇ ਰਸਤਿਆਂ ’ਤੇ ਆਰਜੀ ਅੱਡੇ ਬਣਾਏ ਗਏ ਹਨ ਤੇ ਟ੍ਰੈਫ਼ਿਕ ਪੁਲੀਸ ਤਾਇਨਾਤ ਕੀਤੀ ਗਈ ਹੈ। ਮੇਲੇ ਵਿੱਚ ਸਮਾਜ ਵਿਰੋਧੀ ਅਨਸਰਾਂ ’ਤੇ ਬਾਜ਼ ਅੱਖ ਰੱਖਣ ਲਈ ਖੁਫ਼ੀਆ ਤੰਤਰ ਤੇ ਚਿੱਟ ਕੱਪੜੀ ਪੁਲੀਸ ਸਰਗਰਮ ਰਹੇਗੀ। ਸਰੋਵਰਾਂ ਕੋਲ ਕਿਸੇ ਵਾਪਰਨ ਵਾਲੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਿਸ਼ਤੀਆਂ ਤੇ ਗੋਤਾਖੋਰਾਂ ਦੇ ਪ੍ਰਬੰਧ ਕੀਤੇ ਗਏ ਹਨ। ਪਿੰਡਾਂ ਦੀਆਂ ਸੰਗਤਾਂ, ਸਮਾਜ ਸੇਵੀ ਸੰਸਥਾਵਾਂ ਵੱਲੋਂ ਮੇਲੇ ’ਚ ਆਉਣ ਵਾਲੀਆਂ ਸੰਗਤਾਂ ਲਈ ਪਕਵਾਨਾਂ, ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ ਦੇ ਪ੍ਰਬੰਧ ਹੋ ਚੁੱਕੇ ਹਨ।