ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 31 ਅਕਤੂਬਰ
ਮੁਲਜ਼ਮਾਂ ਨੂੰ ਡੱਬਵਾਲੀ ਅਦਾਲਤ ’ਚ ਪੇਸ਼ ਕਰਨ ਲਿਆ ਰਹੀ ਕਾਲਾਂਵਾਲੀ ਪੁਲੀਸ ਦੀ ਗੱਡੀ ਵੱਲੋਂ ਪਿੰਡ ਪੰਨੀਵਾਲਾ ਰੁਲਦੂ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਦਰੜੇ ਜਾਣ ਕਰਕੇ 14 ਸਾਲਾ ਲੜਕੀ ਦੀ ਮੌਤ ਹੋ ਗਈ ਅਤੇ 55 ਸਾਲਾ ਬਜ਼ੁਰਗ ਜ਼ਖ਼ਮੀ ਹੋ ਗਿਆ। ਹਾਦਸਾ ਪੰਨੀਵਾਲਾ ਰੁਲਦੂ ਵਿੱਚ ਡੱਬਵਾਲੀ-ਕਾਲਾਂਵਾਲੀ ਸੜਕ ’ਤੇ ਬੱਸ ਅੱਡੇ ’ਤੇ ਵਾਪਰਿਆ। ਘਟਨਾ ਉਪਰੰਤ ਪੁਲੀਸ ਗੱਡੀ ਨੰਬਰ ਐਚ.ਆਰ-24ਵਾਈ 0900 ਦਾ ਡਰਾਈਵਰ ਪੁਲੀਸ ਕਰਮਚਾਰੀ ਏਐੇੱਸਆਈ ਰਾਜ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਪੁੱਜੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਏਕਤਾ ਦੇ ਮੈਂਬਰਾਂ ਨੇ ਰੋਸ ਵਜੋਂ ਸੜਕ ’ਤੇ ਜਾਮ ਲਗਾ ਦਿੱਤਾ। ਮ੍ਰਿਤਕਾ ਰਾਜਵੀਰ ਕੌਰ ਸੱਤਵੀਂ ਜਮਾਤ ’ਖ ਪੜ੍ਹਦੀ ਸੀ ਅਤੇ ਖੇਤ ਮਜ਼ਦੂਰ ਅਜੈਬ ਸਿੰਘ ਦੀ ਧੀ ਸੀ। ਮੌਕੇ ਦੇ ਚਸ਼ਮਦੀਦਾਂ ਅਨੁਸਾਰ ਦੱਸਿਆ ਕਿ ਸ਼ਹਿਰ ਥਾਣਾ ਕਾਲਾਂਵਾਲੀ ਪੁਲੀਸ ਦੀ ਸਰਕਾਰੀ ਬੋਲੈਰੋ ਗੱਡੀ ’ਤੇ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਡੱਬਵਾਲੀ ਅਦਾਲਤ ’ਚ ਪੇਸ਼ ਕਰਨ ਨੂੰ ਲਿਆਇਆ ਜਾ ਰਿਹਾ ਸੀ। ਤੇਜ਼ ਰਫਤਾਰ ਪੁਲੀਸ ਵਾਹਨ ਨੇ ਪੰਨੀਵਾਲਾ ਰੁਲਦੂ ਦੇ ਮੁੱਖ ਬੱਸ ਸਟੈਂਡ ’ਤੇ ਮੰਦਰ ਦੇ ਬਾਹਰ ਖੜ੍ਹੀ ਕਾਰ ਅਤੇ ਰੇਹੜੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸੜਕ ਕੰਡੇ ਖੜ੍ਹੀ ਕਾਰ ਪਿੰਡ ਦੇ ਪਰਵੇਸ਼ ਦੁਆਰ ’ਤੇ ਚੜ੍ਹ ਗਈ। ਉੱਥੇ ਖੜ੍ਹੀ 14 ਸਾਲਾ ਰਾਜਵੀਰ ਕੌਰ ਵਾਸੀ ਪੰਨੀਵਾਲਾ ਰੁਲਦੂ ਦੋਵੇਂ ਵਹੀਕਲਾਂ ਦੀ ਚਪੇਟ ਵਿੱਚ ਆ ਗਈ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਉਥੇ ਰੇਹੜੀ ਲਗਾ ਕੇ ਖੜ੍ਹਾ 55 ਸਾਲਾ ਸਾਧੂ ਸਿੰਘ ਜ਼ਖ਼ਮੀ ਹੋ ਗਿਆ। ਉਸ ਨੂੰ ਕਾਲਾਂਵਾਲੀ ਅਤੇ ਸਿਰਸਾ ਦੇ ਸਰਕਾਰੀ ਹਸਪਤਾਲ ’ਚ ਲਿਜਾਂਦਾ ਗਿਆ। ਕਿਸਾਨ ਆਗੂ ਗੁਰਪ੍ਰੇਮ ਸਿੰਘ ਦੇਸੂਜੋਧਾ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਹਾਦਸੇ ਉਪਰੰਤ ਪੁਲੀਸ ਕਰਮਚਾਰੀ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਦੀ ਥਾਂ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ਵਿੱਚ ਪੁਲੀਸ ਦੀ ਦੂਜੀ ਗੱਡੀ ਆਈ ਅਤੇ ਮ੍ਰਿਤਕਾ ਰਾਜਵੀਰ ਕੌਰ ਦੀ ਲਾਸ਼ ਅਤੇ ਜ਼ਖ਼ਮੀ ਸਾਧੂ ਸਿੰਘ ਨੂੰ ਹਸਪਤਾਲ ਪਹੁੰਚਾਇਆ। ਬਾਅਦ ਵਿੱਚ ਮੁਲਜ਼ਮਾਂ ਨੂੰ ਪੁਲੀਸ ਦੀ ਇੱਕ ਹੋਰ ਗੱਡੀ ’ਚ ਡੱਬਵਾਲੀ ਅਦਾਲਤ ’ਚ ਲਿਜਾਇਆ ਗਿਆ। ਗੁਰਪ੍ਰੇਮ ਸਿੰਘ ਨੇ ਧਰਨਾ ਲਗਾਉਣ ’ਤੇ ਸਮਝਾ-ਬੁਝਾ ਕੇ ਧਰਨਾ ਚੁਕਵਾ ਦਿੱਤਾ। ਕਿਸਾਨ ਆਗੂ ਗੁਰਪ੍ਰੇਮ ਸਿੰਘ ਨੇ ਕਿਹਾ ਕਿ ਪੁਲੀਸ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕਾ ਲੜਕੀ ਦੇ ਚਚੇਰੇ ਭਰਾ ਦੀਪ ਸਿੰਘ ਨੇ ਕਿਹਾ ਕਿ ਕੱਲ੍ਹ ਨੂੰ ਖੂਈਆਂ ਮਲਕਾਣਾ ਟੋਲ ਪਲਾਜ਼ਾ ਲੜਕੀ ਦੀ ਲਾਸ਼ ਰੱਖ ਕੇ ਧਰਨਾ ਲਗਾਇਆ ਜਾਵੇਗਾ ਅਤੇ ਗੱਡੀ ਡਰਾਈਵਰ ਪੁਲੀਸ ਮੁਲਾਜ਼ਮ ਖਿਲਾਫ਼ ਮੁਕੱਦਮਾ ਦਰਜ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਜਾਵੇਗੀ। ਸਦਰ ਪੁਲਿਸ ਡੱਬਵਾਲੀ ਨੇ ਮਿ੍ਰਤਕਾ ਦੇ ਵਾਰਸਾਂ ਦੇ ਬਿਆਨਾਂ ’ਤੇ ਡਰਾਈਵਰ ਏਐੱਸਆਈ ਰਾਜ ਕੁਮਾਰ ਖਿਲਾਫ਼ ਕੇਸ ਕਰ ਲਿਆ ਹੈ।