ਪੱਤਰ ਪ੍ਰੇਰਕ
ਚਾਉਕੇ, 20 ਨਵੰਬਰ
ਪਿੰਡ ਬੱਲ੍ਹੋ ’ਚ ਜਣੇਪੇ ਵਾਲੀਆਂ ਔਰਤਾਂ ਲਈ ‘ਮਾਤਾ ਖੀਵੀ ਜੀ ਜਣੇਪਾ ਸਕੀਮ’ ਸ਼ੁਰੂ ਕੀਤੀ ਗਈ ਹੈ ਤਾਂ ਕਿ ਇਨ੍ਹਾਂ ਔਰਤਾਂ ਨੂੰ ਸਰੀਰਕ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪਿੰਡ ਬੱਲ੍ਹੋ ਦੀ ਗੁਰਬਚਨ ਸਿੰਘ ਸੇਵਾਸੰਮਤੀ ਸੁਸਾਇਟੀ ਨੇ ਇਹ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਕਿ ਜਣੇਪੇ ਵਾਲੀ ਹਰ ਔਰਤ ਨੂੰ ਪੰਜ ਕਿੱਲੋ ਪੰਜੀਰੀ ਅਤੇ ਨਵਜੰਮੇ ਬੱਚੇ ਨੂੰ 1100 ਰੁਪਏ ਦਾ ਸ਼ਗਨ ਦਿੱਤਾ ਜਾਵੇਗਾ। ਮਾਤਾ ਖੀਵੀ ਜੀ ਜਣੇਪਾ ਸਕੀਮ ਦਾ ਆਗਾਜ਼ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਕੀਤਾ। ਪਿੰਡ ਦੇ ਤੱਥ ਉਭਰੇ ਹਨ ਕਿ ਬੱਲ੍ਹੋ ਵਿੱਚ ਸਾਲ 2022-23 ਦੌਰਾਨ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ ਵਧੀ ਹੈ। ਪਿੰਡ ਦੀ ਯੂਥ ਲਾਇਬਰੇਰੀ ਵਿੱਚ ਸਰਪ੍ਰਸਤ ਗੁਰਮੀਤ ਸਿੰਘ ਮਾਨ ਦੀ ਅਗਵਾਈ ਅਤੇ ਪ੍ਰਧਾਨ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫ਼ੈਸਲਾ ਲੈਂਦਿਆਂ ਜਣੇਪੇ ਵਾਲੀਆਂ ਔਰਤਾਂ ਨੂੰ ਪੰਜੀਰੀ ਤੇ ਸ਼ਗਨ ਦੇਣ ਲਈ ਸਾਲਾਨਾ ਇੱਕ ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਇਸ ਮੌਕੇ ਮੈਗਲ ਸਿੰਘ, ਹਰਬੰਸ ਕੌਰ, ਸੁਖਪਾਲ ਕੌਰ, ਰਣਜੀਤ ਸਿੰਘ, ਰਾਜਵਿੰਦਰ ਕੌਰ, ਅਵਤਾਰ ਸਿੰਘ ਨੰਬਰਦਾਰ, ਕਰਮਜੀਤ ਸਿੰਘ ਫ਼ੌਜੀ ਤੇ ਕੇਵਲ ਸਿੰਘ ਪ੍ਰਧਾਨ ਹਾਜ਼ਰ ਸਨ।