ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 21 ਅਕਤੂਬਰ
ਖੇਤੀਬਾੜੀ ਦਾ ਧੰਦਾ ਲਗਾਤਾਰ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੀ ਕਿਸਾਨੀ ਦਿਨੋ-ਦਿਨ ਕਰਜ਼ਈ ਹੋ ਰਹੀ ਹੈ, ਪਰ ਕੁਝ ਸੁਹਿਰਦ ਤੇ ਅਗਾਂਹਵਧੂ ਕਿਸਾਨ ਵੀ ਹਨ ਜੋ ਕਿ ਰਵਾਇਤੀ ਖੇਤੀ ਤੋਂ ਵੱਖਰਾ ਕਰਕੇ ਆਪਣੇ ਮਿਸ਼ਨ ‘ਚ ਸਫਲਤਾ ਹਾਸਲ ਕਰ ਰਹੇ ਹਨ। ਅਜਿਹੇ ਕਿਸਾਨਾਂ ਵਿੱਚੋਂ ਇੱਕ ਹੈ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਲੂਕਾ ਦਾ ਨੌਜਵਾਨ ਬਲਤੇਜ ਸਿੰਘ ਜੋ ਪਿਛਲੇ ਤਿੰਨ ਸਾਲਾਂ ਤੋਂ ਆਰਗੈਨਿਕ ਹਲਦੀ ਦੀ ਖੇਤੀ ਕਰ ਰਿਹਾ ਹੈ। ‘ਨਾਲੇ ਪੁੰਨ ਨਾਲੇ ਫ਼ਲੀਆਂ’ ਕਹਾਵਤ ਦਾ ਹਵਾਲਾ ਦਿੰਦਿਆਂ ਉਕਤ ਨੌਜਵਾਨ ਨੇ ਦੱਸਿਆ ਕਿ ਜਿੱਥੇ ਹਲਦੀ ਦੀ ਖੇਤੀ ਵਿੱਚ ਦੂਸਰੀਆਂ ਫ਼ਸਲਾਂ ਦੇ ਮੁਕਾਬਲੇ ਜ਼ਿਆਦਾ ਕਮਾਈ ਹੁੰਦੀ ਹੈ, ਉਥੇ ਇਸ ਦੀ ਕਾਸ਼ਤ ਨਾਲ ਲੋਕਾਂ ਨੂੰ ਸੁਖਾਲੇ ਸ਼ੁੱਧ ਆਰਗੈਨਿਕ ਹਲਦੀ ਮਿਲੇਗੀ। ਕਿਉਂਕਿ ਸਿਹਤ ਮਾਹਿਰਾਂ ਵੱਲੋਂ ਹਲਦੀ ਮਨੁੱਖੀ ਸਿਹਤ ਲਈ ਬੜੀ ਹੀ ਗੁਣਕਾਰੀ ਮੰਨੀ ਜਾਂਦੀ ਹੈ। ਬਲਤੇਜ ਨੇ ਪਹਿਲੇ ਸਾਲ ਸਿਰਫ 2 ਕਨਾਲਾਂ ਜ਼ਮੀਨ ‘ਚ ਹਲਦੀ ਦੀ ਕਾਸ਼ਤ ਸ਼ੁਰੂ ਕੀਤੀ। ਪਿਛਲੇ ਤੇ ਇਸ ਸਾਲ ਉਸ ਨੇ ਹਲਦੀ ਹੇਠ ਰਕਬਾ ਵਧਾ ਕੇ 2 ਏਕੜ ਕਰ ਲਿਆ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਡਾ. ਰਾਜਿੰਦਰ ਕੁਮਾਰ ਦੀ ਦੇਖ ਰੇਖ ਤੇ ਸਲਾਹ ਨਾਲ ਕਰ ਰਿਹਾ ਹੈ। ਬਲਤੇਜ ਸਿੰਘ ਨੇ ਦੱਸਿਆ ਕਿ ਹਲਦੀ ਦੀ ਫ਼ਸਲ ਤੋਂ ਬਾਅਦ ਪਿਆਜ਼ ਦੀ ਕਾਸ਼ਤ ਕਰਕੇ ਆਪਣੀ ਆਮਦਨ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਉਸ ਨੇ ਦੱਸਿਆ ਕਿ ਹਲਦੀ ਦੀ ਖੇਤੀ ਵਿੱਚ ਪਾਣੀ ਦੀ ਵੀ ਬਹੁਤ ਘੱਟ ਲੋੜ ਪੈਂਦੀ ਹੈ ਤੇ ਕਿਸਾਨ ਭਰਾ ਆਪਣੇ ਖੇਤ ‘ਚ ਪੈਦਾ ਕੀਤੀ ਹਲਦੀ ਨੂੰ ਖ਼ੁਦ ਪ੍ਰੋਸੈਸਿੰਗ ਕਰਕੇ ਅੱਗੇ ਖੁਦ ਮਾਰਕੀਟਿੰਗ ਕਰ ਸਕਦੇ ਹਨ, ਜਿਸ ‘ਚੋਂ ਉਨ੍ਹਾਂ ਨੂੰ ਹੋਰ ਵੀ ਚੰਗਾ ਮੁਨਾਫਾ ਹੁੰਦਾ ਹੈ। ਬਲਤੇਜ ਸਿੰਘ ਮਲੂਕਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਉਹ ਇਲਾਕੇ ਦੇ ਹੋਰ ਸੁਹਿਰਦ ਤੇ ਉੱਦਮੀ ਕਿਸਾਨਾਂ ਨੂੰ ਹਲਦੀ ਦੀ ਖੇਤੀ ਨਾਲ ਜੋੜਨ ਦਾ ਯਤਨ ਕਰੇਗਾ।