ਪਰਮਜੀਤ ਸਿੰਘ
ਫਾਜ਼ਿਲਕਾ, 28 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਅੱਜ ਫਾਜ਼ਿਲਕਾ-ਅਬੋਹਰ ਰੋਡ ’ਤੇ ਸਥਿਤ ਜ਼ਿਲ੍ਹੇ ਦੇ ਪਿੰਡ ਘੱਲੂ ’ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਸਾਹਮਣੇ ਧਰਨਾ ਲਗਾ ਕੇ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਬੈਂਕ ਦੇ ਮੁੱਖ ਗੇਟ ਨੂੰ ਬੰਦ ਕਰਕੇ ਬੈਂਕ ਮੈਨੇਜਰ ਅਤੇ ਕਰਮਚਾਰੀਆਂ ਨੂੰ ਅੰਦਰ ਹੀ ਡੱਕ ਦਿੱਤਾ।
ਯੂਨੀਅਨ ਆਗੂਆਂ ਪ੍ਰਗਟ ਸਿੰਘ, ਉਦੇ ਸਿੰਘ ਘੁੜਿਆਣਾ, ਲਖਵਿੰਦਰ ਸਿੰਘ, ਰਾਜ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਿਸਾਨ ਆਗੂ ਕਿਸੇ ਕਿਸਾਨ ਦੇ ਲੋਨ ਦੇ ਸਬੰਧ ’ਚ ਬੈਂਕ ਆਏ ਸਨ ਅਤੇ ਕਿਹਾ ਸੀ ਕਿ ਲੋਨ ਦੇ ਵਿਆਜ ਦੀ ਕੁਝ ਛੋਟ ਕਰਕੇ ਉਸ ਦਾ ਲੋਨ ਭਰਵਾਇਆ ਜਾਵੇ ਪਰ ਉਕਤ ਬੈਂਕ ਮੈਨੇਜਰ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨਾਲ ਬਦਕਲਾਮੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਉਕਤ ਬੈਂਕ ਮੈਨੇਜਰ ਦਾ ਰਵੱਈਆ ਬਿਲਕੁਲ ਠੀਕ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਬੈਂਕ ਮੈਨੇਜਰ ਮੁਆਫ਼ੀ ਨਹੀਂ ਮੰਗਦਾ ਅਤੇ ਉਦੋਂ ਤੱਕ ਬੈਂਕ ਦਾ ਗੇਟ ਵੀ ਬੰਦ ਰੱਖਿਆ ਜਾਵੇਗਾ।
ਇਸੇ ਦੌਰਾਨ ਬੈਂਕ ਮੈਨੇਜਰ ਮੈਨੇਜਰ ਰਾਜਵੀਰ ਸੇਖੋਂ ਧਰਨੇ ਵਾਲੀ ਥਾਂ ਪੁੱਜਿਆ ਤੇ ਕਿਹਾ ਕਿ ਉਹ ਆਪ ਇਕ ਕਿਸਾਨ ਦਾ ਪੁੱਤਰ ਹੈ ਅਤੇ ਉਨ੍ਹਾਂ ਦਾ ਕੋਈ ਅਜਿਹਾ ਮੰਤਵ ਨਹੀਂ ਸੀ ਕਿ ਉਹ ਕਿਸਾਨ ਯੂਨੀਅਨ ਦੇ ਖਿਲਾਫ਼ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਵੀਰ ਨੂੰ ਅਜਿਹਾ ਲੱਗਿਆ ਹੈ ਕਿ ਉਹ ਕਿਸਾਨ ਯੂਨੀਅਨ ਦੇ ਖਿਲਾਫ਼ ਹਨ ਤਾਂ ਉਹ ਵੱਲੋਂ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਹੋਰ ਨੂੰ ਕਿਸੇ ਦੇ ਖਾਤੇ ਦੀ ਜਾਣਕਾਰੀ ਨਹੀਂ ਦੇ ਸਕਦੇ।