ਰਵਿੰਦਰ ਰਵੀ
ਬਰਨਾਲਾ, 22 ਸਤੰਬਰ
ਇਥੇ ਵਾਰਡ ਨੰਬਰ 10 ਵਿੱਚ ਗਿੱਲ ਨਗਰ ਤੋਂ ਲੱਖੀ ਕਲੋਨੀ ਤੱਕ ਬਣਾਈ ਜਾ ਰਹੀ ਸੜਕ ਨਗਰ ਕੌਂਸਲ ਦੇ ਠੇਕੇਦਾਰ ਨੇ ਮੀਂਹ ਵਿਚ ਹੀ ਬਣਾ ਦਿੱਤੀ। ਇਹ ਸੜਕ ਕਰੀਬ 39 ਲੱਖ 72 ਹਜ਼ਾਰ ਰੁਪਏ ਦੀ ਲਾਗਤ ਬਣਾਈ ਜਾ ਰਹੀ ਹੈ। ਜਦੋਂ ਸੜਕ ਬਣਾਈ ਜਾ ਰਹੀ ਸੀ ਤਾਂ ਉਸ ਥਾਂ ’ਤੇ ਮੀਂਹ ਦਾ ਪਾਣੀ ਭਰਿਆ ਸੀ ਪਰ ਸੜਕ ਬਣਾਉਣ ਵਾਲਾ ਅਮਲਾ ਉਥੇ ਪ੍ਰੀਮਿਕਸ ਪਾ ਕੇ ਉਪਰ ਰੋੜ੍ਹ ਕੁੱਟਣਾ ਘੁਮਾਉਂਦਾ ਰਿਹਾ। ਸਰਕਾਰੀ ਨਿਯਮਾਂ ਨੂੰ ਤਾਕ ’ਤੇ ਰੱਖਦਿਆਂ ਠੇਕੇਦਾਰ ਵੱਲੋਂ ਮੀਂਹ ’ਚ ਸੜਕ ਬਣਾਉਣ ’ਤੇ ਵਾਰਡ ਵਾਸੀ ਭੜਕ ਗਏ। ਲੋਕਾਂ ਨੇ ਤੁਰੰਤ ਇਸ ਦੀ ਸ਼ਿਕਾਇਤ ਕੌਂਸਲ ਅਧਿਕਾਰੀਆਂ ਨੂੰ ਕੀਤੀ ਅਤੇ ਠੇਕੇਦਾਰ ਦੇ ਕਰਿੰਦਿਆਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ। ਕੌਂਸਲ ਵੱਲੋਂ ਠੇਕੇਦਾਰ ਨੂੰ 5 ਅਕਤੂਬਰ 2020 ਨੂੰ 39 ਲੱਖ 72 ਹਜ਼ਾਰ ਰੁਪਏ ਦਾ ਗਿੱਲ ਨਗਰ ਤੋਂ ਲੱਖੀ ਕਲੋਨੀ ਦੀਆਂ ਗਲੀਆਂ ’ਚ ਬਰਸਾਤੀ ਪਾਣੀ ਵਾਲੇ ਚੈਂਬਰ ਅਤੇ ਸੜਕ ਬਣਾਉਣ ਦਾ 4 ਅਪਰੈਲ 2021 ਤੱਕ ਕੰਮ ਪੂਰਾ ਕਰਨ ਦਾ ਠੇਕਾ ਦਿੱਤਾ ਗਿਆ ਸੀ। ਕੌਂਸਲ ਦੇ ਟੈਂਡਰ ਨਿਯਮਾਂ ਅਨੁਸਾਰ ਠੇਕੇਦਾਰ ਨੂੰ ਪੀਲੇ ਰੰਗ ਦੇ ਬੋਰਡ ’ਤੇ ਕੰਮ ਦਾ ਵੇਰਵਾ, ਲਾਗਤ, ਸਮਾਂ ਸ਼ੁਰੂ ਤੇ ਖ਼ਤਮ ਠੇਕੇਦਾਰ ਦਾ ਨਾਮ ਅਤੇ ਕੰਮ ਦੀ ਸ਼ਿਕਾਇਤ ਕਰਨ ਸਬੰਧੀ ਕੌਂਸਲ ਅਧਿਕਾਰੀਆਂ ਦੇ ਨਾਮ ਵਾਲਾ ਬੋਰਡ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲਗਾਉਣਾ ਜ਼ਰੂਰੀ ਸੀ। ਪਰ ਠੇਕੇਦਾਰ ਵੱਲੋਂ ਬੋਰਡ ਲਾਉਣਾ ਤਾਂ ਦੂਰ ਦੀ ਗੱਲ ਠੇਕੇ ਦੀ ਮਿਆਦ ਲੰਘਣ ਤੋਂ ਬਾਅਦ ਕੰਮ ਸ਼ੁਰੂ ਕੀਤਾ ਗਿਆ। ਕੌਂਸਲ ਨਿਯਮਾਂ ਅਨੁਸਾਰ ਠੇਕਾ ਮਿਲਣ ਤੋਂ ਬਾਅਦ ਠੇਕੇਦਾਰ ਵੱਲੋਂ ਛੇ ਮਹੀਨੇ ਅੰਦਰ ਕੰਮ ਮੁਕੰਮਲ ਕਰਨਾ ਹੁੰਦਾ ਹੈ। ਵਾਰਡ ਦੇ ਕੌਂਸਲਰ ਅਜੈ ਕੁਮਾਰ ਨੇ ਕਿਹਾ ਕਿ ਵਾਰਡ ਦੀਆਂ ਸੜਕਾਂ ਠੇਕੇਦਾਰ ਵੱਲੋਂ ਟੈਂਡਰ ਦੇ ਨਿਯਮਾਂ ਮੁਤਾਬਕ ਬਣਵਾਈਆਂ ਜਾਣਗੀਆਂ ਅਤੇ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਨੇ ਕਿਹਾ ਕਿ ਕੰਮ ’ਚ ਲਾਪ੍ਰਵਾਹੀ ਵਰਤਣ ਕਾਰਨ ਠੇਕੇਦਾਰ ਨੂੰ ਨੋਟਿਸ ਜਾਰੀ ਕਰਕੇ ਕੰਮ ਰੋਕ ਦਿੱਤਾ ਗਿਆ ਹੈ। ਠੇਕੇਦਾਰ ਵੱਲੋਂ ਕੀਤੇ ਕੰਮ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।
ਮੀਂਹ ਅਚਾਨਕ ਆਇਆ: ਠੇਕੇਦਾਰ
ਸੜਕ ਬਣਾਉਣ ਵਾਲੇ ਯੂਨੀਕੋਨ ਬਿਲਡਰਜ਼ ਦੇ ਠੇਕੇਦਾਰ ਰੂਬੀ ਕੁਮਾਰ ਨੇ ਕਿਹਾ ਕਿ ਸੜਕ ਬਣਾਉਣ ਵੇਲੇ ਮੀਂਹ ਨਹੀਂ ਪੈ ਰਿਹਾ ਸੀ ਪਰ ਅਚਨਚੇਤ ਮੀਂਹ ਆਉਣ ਨਾਲ ਸੜਕ ’ਤੇ ਪਾਣੀ ਭਰ ਗਿਆ। ਉਸ ਨੇ ਕਿਹਾ ਕਿ ਮੀਂਹ ’ਚ ਖ਼ਰਾਬ ਹੋਈ ਸੜਕ ਨੂੰ ਮੁੜ ਬਣਾਇਆ ਜਾਵੇਗਾ ਅਤੇ ਪੀਲੇ ਰੰਗ ਦਾ ਬੋਰਡ ਵੀ ਲਗਾਇਆ ਜਾਵੇਗਾ।