ਪਰਸ਼ੋਤਮ ਬੱਲੀ
ਬਰਨਾਲਾ, 18 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਇਥੇ ਰੇਲਵੇ ਸਟੇਸ਼ਨ ‘ਤੇ ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੱਗੇ ਪੱਕੇ ਧਰਨੇ ਦੇ 169ਵੇਂ ਦਿਨ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਨੇ ਨਿਰਦੇਸ਼ਕ ਹਰਵਿੰਦਰ ਦੀਵਾਨਾ ਦੇ ਨਿਰਦੇਸ਼ਨਾ ਹੇਠ ਨਾਟਕ ‘ਟੋਆ’ ਦਾ ਮੰਚਨ ਕੀਤਾ| ਇਸ ਵਿੱਚ ਦਰਸਾਇਆ ਕਿ ਭਾਰਤ ਦੀ ਜਨਤਾ 73 ਸਾਲ ਤੋਂ ਗਰੀਬੀ, ਅਨਪੜ੍ਹਤਾ, ਅੰਧ-ਵਿਸ਼ਵਾਸਾਂ ਤੇ ਬੇਰੁੁਜ਼ਗਾਰੀ ਦੇ ਟੋਏ ਵਿੱਚ ਹੈ ਪਰ ਸਰਕਾਰਾਂ, ਰਾਜਸੀ ਪਾਰਟੀਆਂ, ਧਾਰਮਿਕ ਆਗੂਆਂ ਤੇ ਪ੍ਰਸ਼ਾਸਨ ‘ਚੋਂ ਕੋਈ ਵੀ ਬਾਂਹ ਫੜ ਕੇ ਜਨਤਾ ਨੂੰ ਇਸ ’ਚੋਂ ਕੱਢਣ ਲਈ ਤਿਆਰ ਨਹੀਂ| ਅੱਜ ਦੇ ਬੁਲਾਰਿਆਂ ‘ਚ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਗੁੁਰਦੇਵ ਸਿੰਘ ਮਾਂਗੇਵਾਲ,ਜਸਮੇਲ ਸਿੰਘ ਕਾਲੇਕੇ, ਬਾਬੂ ਸਿੰਘ ਖੁੱਡੀ ਕਲਾਂ, ਸਾਧੂ ਸਿੰਘ ਛੀਨੀਵਾਲ, ਵਰਿੰਦਰ ਸਿੰਘ ਆਜ਼ਾਦ, ਹਰਚਰਨ ਸਿੰਘ ਚੰਨਾ ਤੇ ਜਸਪਾਲ ਕੌਰ ਨੇ ਸੰਨ 1949 ‘ਚ ਪੈਪਸੂ ਸਮੇਂ ਜ਼ਮੀਨ ਦੇ ਜ਼ਗੀਰਦਾਰਾਂ ਤੋਂ ਮਾਲਕਾਨਾ ਹੱਕ ਪ੍ਰਾਪਤੀ ਲਈ ਲੜੇ/ਜਿੱਤੇ ਮੁਜ਼ਾਰਾ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਭਲਕੇ ਮਨਾਉਣ ਦਾ ਸੱਦਾ ਦਿੱਤਾ| ਬੁਲਾਰਿਆਂ ਕਿਹਾ ਕਿ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਕਰਨ ਦੇ ਜਾਰੀ ਨਵੇਂ ਫਰਮਾਨ ਦੇ ਵਿਰੁੱਧ ਭਲਕੇ ਹੀ ਐੱਸਡੀਐੱਮ ਨੂੰ ਮੰਗ ਪੱਤਰ ਸੌਂਪੇ ਜਾਣਗੇ| ਅੱਜ ਬਹਾਦਰ ਸਿੰਘ ਧਨੌਲਾ ਤੇ ਲਵੀ ਬੁੁਢਲਾਡਾ ਨੇ ਗੀਤ ਸੁੁਣਾਏ |