ਪਰਸ਼ੋਤਮ ਬੱਲੀ
ਬਰਨਾਲਾ, 1 ਅਗਸਤ
ਸ਼ਹੀਦ ਕਿਰਨਜੀਤ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ 12 ਅਗਸਤ ਨੂੰ ਮਨਾਏ ਜਾ ਰਹੇ 24ਵੇਂ ਸ਼ਰਧਾਂਜਲੀ ਸਮਾਗਮ ਨੂੰ ਇਸ ਸਾਲ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਐਕਸ਼ਨ ਕਮੇਟੀ ਨੇ ਸਮਾਗਮ ਵਿੱਚ ਹਿੱਸਾ ਲੈਣ ਲਈ ਕਿਸਾਨ ਮੋਰਚੇ ਦੇ ਕੌਮੀ ਆਗੂਆਂ ਨੂੰ ਸੱਦਾ ਭੇਜਿਆ ਸੀ, ਜਿਸ ਨੂੰ ਸੰਯਕੁਤ ਕਿਸਾਨ ਮੋਰਚੇ ਨੇ ਸਵੀਕਾਰ ਕਰ ਲਿਆ ਹੈ। ਇਹ ਜਾਣਕਾਰੀ ਬਰਨਾਲਾ ਰੇਲਵੇ ਸਟੇਸ਼ਨ ‘ਤੇ ਖੇਤੀ ਕਾਨੂੰਨਾਂ ਵਿਰੁੱਧ ਲੱਗੇ ਸਾਂਝੇ ਕਿਸਾਨ ਧਰਨੇ ‘ਚ ਬੁਲਾਰਿਆਂ ਦਿੱਤੀ। ਮੋਰਚੇ ਦੀ ਸਥਾਨਕ ਲੀਡਰਸ਼ਿਪ ਨੇ ਵੀ ਫੈਸਲਾ ਕੀਤਾ ਹੈ ਕਿ ਬਰਨਾਲਾ ਜ਼ਿਲ੍ਹੇ ‘ਚ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਸਾਰੇ ਧਰਨੇ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਤਬਦੀਲ ਕੀਤੇ ਜਾਣਗੇ। ਅੱਜ ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਬਲਜੀਤ ਸਿੰਘ ਚੌਹਾਨਕੇ, ਬਾਬੂ ਸਿੰਘ ਖੁੱਡੀ ਕਲਾਂ, ਹਰਜੀਤ ਸਿੰਘ ਸੰਘੇੜਾ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਰਮਨਦੀਪ ਕੌਰ, ਨੇਕਦਰਸ਼ਨ ਸਿੰਘ, ਅਮਰਜੀਤ ਕੌਰ, ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਅਜੈਬ ਸਿੰਘ ਠੀਕਰੀਵਾਲਾ ਨੇ ਆਪਣੇ ਪੋਤਰੇ ਪ੍ਰਭਜੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਲੱਡੂਆਂ ਦਾ ਲੰਗਰ ਲਾਇਆ।ਨ ਰਿੰਦਰਪਾਲ ਸਿੰਗਲਾ ਤੇ ਤੇਜਾ ਸਿੰਘ ਠੀਕਰੀਵਾਲਾ ਨੇ ਕਵਿਤਾ ਤੇ ਗੀਤ ਸੁਣਾਏ।