ਪਰਸ਼ੋਤਮ ਬੱਲੀ
ਬਰਨਾਲਾ, 17 ਅਗਸਤ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਥੇ ਰੇਲਵੇ ਸਟੇਸ਼ਨ ‘ਤੇ ਜਾਰੀ ਸਾਂਝੇ ਕਿਸਾਨ ਧਰਨੇ ਦੇ 321ਵੇਂ ਅੱਜ ਦਿੱਲੀ ਬਾਰਡਰ ਮੋਰਚਿਆਂ ਵਿੱਚ ਹਾਜ਼ਰੀ ਵਧਾਉਣ ਲਈ ਲਗਾਤਾਰ ਜਥੇ ਭੇਜਣ ਬਾਰੇ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ‘ਚੋਂ ਹਰ ਹਫਤੇ ਵੱਡੇ ਜੱਥੇ ਭੇਜਣ ਲਈ ਪਿੰਡ ਵਾਰ ਤੇ ਜੱਥੇਬੰਦੀ ਵਾਰ ਸੂਚੀਆਂ ਬਣਾਈਆਂ ਜਾ ਰਹੀਆਂ ਹਨ। ਸਥਾਨਕ ਆਗੂਆਂ ਦੀ ਅਗਵਾਈ ਹੇਠ ਹਰ ਹਫਤੇ ਵੱਡਾ ਜੱਥਾ ਦਿੱਲੀ ਵੱਲ ਵਹੀਰਾਂ ਘੱਤੇਗਾ।
ਅੱਜ ਪ੍ਰੀਤਮ ਸਿੰਘ ਔਲਖ ਦੇ ਮਾਤਾ ਗੁਰਦਿਆਲ ਕੌਰ ਬਰਨਾਲਾ ਨੇ ਕਿਸਾਨ ਧਰਨੇ ਦੀ 21000 ਰੁਪਏ ਦੀ ਆਰਥਿਕ ਸਹਾਇਤਾ ਕੀਤੀ। ਖੁਦ ਪ੍ਰੀਤਮ ਸਿੰਘ ਔਲਖ ਵੀ ਲਗਾਤਾਰ ਧਰਨੇ ਦੀ ਆਰਥਿਕ ਸਹਾਇਤਾ ਕਰਦੇ ਰਹਿੰਦੇ ਹਨ ਅਤੇ ਕਿਸਾਨ ਅੰਦੋਲਨ ਵਿੱਚ ਪਹਿਲੇ ਦਿਨ ਤੋਂ ਹੀ ਸਰਗਰਮ ਹਨ। ਸੰਚਾਲਨ ਕਮੇਟੀ ਨੇ ਮਾਤਾ ਗੁਰਦਿਆਲ ਕੌਰ ਦਾ ਧੰਨਵਾਦ ਕੀਤਾ। ਅੱਜ ਨਛੱਤਰ ਸਿੰਘ ਸਹੌਰ, ਮੇਲਾ ਸਿੰਘ ਕੱਟੂ, ਮਨਜੀਤ ਰਾਜ, ਪ੍ਰੇਮਪਾਲ ਕੌਰ,ਬਲਵੀਰ ਕੌਰ ਕਰਮਗੜ੍ਹ, ਜਸਪਾਲ ਚੀਮਾ, ਬਾਬੂ ਸਿੰਘ ਖੁੱਡੀ ਕਲਾਂ, ਬਲਜੀਤ ਸਿੰਘ ਚੌਹਾਨਕੇ, ਬੂਟਾ ਸਿੰਘ ਠੀਕਰੀਵਾਲਾ, ਕਾਕਾ ਸਿੰਘ ਫਰਵਾਹੀ ਤੇ ਨੇਕਦਰਸ਼ਨ ਸਿੰਘ ਨੇ ਸੰਬੋਧਨ ਕੀਤਾ।