ਰਵਿੰਦਰ ਰਵੀ
ਬਰਨਾਲਾ, 17 ਅਪਰੈਲ
ਠੇਕਿਆਂ ’ਤੇ ਵਿਕਣ ਵਾਲੀ ਹਰ ਤਰ੍ਹਾਂ ਦੀ ਸ਼ਰਾਬ ਫੂਡ ਐਕਟ ’ਚ ਆਉਣ ਦੇ ਬਾਵਜੂਦ ਜ਼ਿਲ੍ਹੇ ’ਚ ਬਿਨਾਂ ਲਾਇਸੈਂਸ ਤੋਂ ਸੈਂਕੜੇ ਸ਼ਰਾਬ ਦੇ ਠੇਕੇ ਚੱਲ ਰਹੇ ਹਨ। ਬਰਨਾਲਾ ਜ਼ਿਲ੍ਹੇ ’ਚ ਹੀ 172 ਦੇਸੀ ਅਤੇ 112 ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਕੋਲ ਨਾ ਤਾਂ ਕੋਈ ਲਾਇਸੈਂਸ ਅਤੇ ਨਾ ਕਿਸੇ ਦੁਕਾਨਦਾਰ ਨੇ ਰਜਿਸਟਰੇਸ਼ਨ ਕਰਵਾਈ ਹੈ। ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ 8 ਜੁਲਾਈ 2020 ਨੂੰ ਫੂਡ ਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ ਕੁਮਾਰ ਰਾਹੁਲ ਵੱਲੋਂ ਬਾਕਾਇਦਾ ਪੱਤਰ ਜਾਰੀ ਕਰ ਕੇ ਹਰ ਤਰ੍ਹਾਂ ਦੀ ਸ਼ਰਾਬ ਨੂੰ ਫੂਡ ਸੇਫਟੀ ਐਕਟ ਤਹਿਤ ਲਿਆਉਣ ਅਤੇ ਨਮੂਨੇ ਭਰ ਕੇ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੂਰੇ ਸੂਬੇ ਅੰਦਰ ਸ਼ਰਾਬ ਦੇ ਕਿਸੇ ਵੀ ਠੇਕੇਦਾਰ ਨੇ ਨਾ ਤਾਂ ਲਾਇਸੈਂਸ ਲਿਆ ਹੈ ਅਤੇ ਨਾ ਹੀ ਕਿਸੇ ਠੇਕੇਦਾਰ ਨੇ ਰਜਿਸਟਰੇਸ਼ਨ ਕਰਵਾਈ ਹੈ ਜਿਸ ਨਾਲ ਲੱਖਾਂ ਰੁਪਏ ਦਾ ਸਰਕਾਰੀ ਘਾਟਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਿਸੇ ਵੀ ਦੁਕਾਨ ਤੋਂ ਭਰੇ ਗਏ ਨਮੂਨੇ ਦੀ ਬਣਦੀ ਅਸਲ ਕੀਮਤ ਆਨਲਾਈਨ ਕੀਤੀ ਜਾਂਦੀ ਹੈ ਪਰ ਠੇਕਿਆਂ ਤੋਂ ਸ਼ਰਾਬ ਦੇ ਭਰੇ ਜਾਂਦੇ ਨਮੂਨਿਆਂ ਦੀ ਕੀਮਤ ਆਨਲਾਈਨ ਦੀ ਜਗਾ ਠੇਕੇਦਾਰ ਨਕਦ ਰਾਸ਼ੀ ਦੀ ਮੰਗ ਕਰਦੇ ਹਨ ਜੋ ਸਰਾਸਰ ਨਿਯਮਾਂ ਦੇ ਖ਼ਿਲਾਫ਼ ਹੈ। ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਿਸੇ ਵੀ ਥੋਕ ਅਤੇ ਪ੍ਰਚੂਨ ’ਚ ਵਿਕਣ ਵਾਲੀ ਸ਼ਰਾਬ ਦੇ ਠੇਕੇਦਾਰਾਂ ਨੇ ਨਾ ਤਾਂ ਲਾਇਸੈਂਸ ਲੈਣਾ ਅਤੇ ਨਾ ਹੀ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਸਮਝੀ ਹੈ। ਵਿਭਾਗ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਸ਼ਰਾਬ ਕਾਰੋਬਾਰੀ ਸਾਲਾਨਾ 100 ਕਰੋੜ ਰੁਪਏ ਤੋਂ ਜ਼ਿਆਦਾ ਤਾਂ ਟੈਕਸ ਦੀ ਰਕਮ ਜਮ੍ਹਾਂ ਕਰਵਾਉਂਦੇ ਹਨ। ਸ਼ਰਾਬ ਕਿੰਨੇ ਕਰੋੜ ਰੁਪਏ ਦੀ ਵਿਕਦੀ ਹੈ, ਇਸ ਬਾਰੇ ਅੰਕੜੇ ਪ੍ਰਾਪਤ ਨਹੀਂ ਹੋ ਸਕੇ। ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਚੰਦਰ ਮਹਿਤਾ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਜਿਸ ਮਰਜ਼ੀ ਸ਼ਰਾਬ ਦੇ ਠੇਕੇ ਤੋਂ ਨਮੂਨਾ ਭਰਕੇ ਜਾਂਚ ਕਰਵਾ ਸਕਦੀ ਹੈ। ਜੇਕਰ ਨਮੂਨਾ ਭਰਨ ਵੇਲੇ ਠੇਕੇਦਾਰ ਜਾਂ ਦੁਕਾਨ ਦਾ ਮੁਲਾਜ਼ਮ ਆਨਾਕਾਨੀ ਕਰਦਾ ਹੈ ਜਾਂ ਕੋਈ ਰੁਕਾਵਟ ਪੈਦਾ ਕਰਦਾ ਹੈ ਤਾਂ ਸਿਹਤ ਵਿਭਾਗ ਆਪਣੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕਰ ਸਕਦਾ ਹੈ।
ਲੰਘੀ ਮਿਆਦ ਵਾਲੀ ਬੀਅਰ ਵੇਚਣ ਦਾ ਦੋਸ਼
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਇੱਥੇ ਇੱਕ ਠੇਕੇ ’ਤੇ ਕਥਿਤ ਤੌਰ ’ਤੇ ਲੰਘੀ ਮਿਆਦ ਵਾਲੀ ਬੀਅਰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਮਲੋਟ ਵਾਸੀ ਦੋ ਨੌਜਵਾਨਾਂ ਨੇ ਗੋਲ ਚੌਕ ਸਥਿਤ ਠੇਕੇ ’ਤੇ ਲੰਘੀ ਮਿਆਦ ਦੀ ਮਿੱਲਰ ਬਰਾਂਡ ਦੀ ਬੀਅਰ ਵੇਚੇ ਜਾਣ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੀਅਰ ਦੀ ਬੋਤਲਾਂ ’ਤੇ ਮਿਆਦ ਵਾਲੀ ਲਾਈਨ ਨੂੰ ਖੁਰਚ ਕੇ ਮਿਟਾਇਆ ਹੋਇਆ ਹੈ। ਨੌਜਵਾਨਾਂ ਨੇ ਮੌਕੇ ’ਤੇ ਪ੍ਰਸ਼ਾਸਨ ਅੱਗੇ ਮੁੱਦਾ ਚੁੱਕਦਿਆਂ ਸਖ਼ਤ ਕਾਰਵਾਈ ਦਾ ਮੰਗ ਕੀਤੀ। ਮੋਹਿਤ ਕੁਮਾਰ ਅਤੇ ਸ਼ਬੀਰ ਕੁਮਾਰ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਡੱਬਵਾਲੀ ਆਏ ਸਨ। ਉਨ੍ਹਾਂ ਸ਼ਰਾਬ ਠੇਕੇ ਤੋਂ ਮਿੱਲਰ ਬੀਅਰ ਦੀਆਂ ਚਾਰ ਬੋਤਲਾਂ ਖਰੀਦੀਆਂ ਜਿਨ੍ਹਾਂ ਵਿੱਚੋਂ ਦੋ ਬੋਤਲਾਂ ਦੀ ਅਦਾਇਗੀ ਆਨਲਾਈਨ ਕੀਤੀ ਗਈ ਸੀ। ਬੀਅਰ ਦਾ ਸੇਵਨ ਕਰਨ ਦੌਰਾਨ ਉਨ੍ਹਾਂ ਦਾ ਧਿਆਨ ਮਿਆਦ ਵਾਲੀ ਲਾਈਨ ’ਤੇ ਪਿਆ ਤਾਂ ਉਹ ਠੇਕੇ ’ਤੇ ਗਏ ਅਤੇ ਇਤਰਾਜ਼ ਜਤਾਇਆ। ਉਨ੍ਹਾਂ ਦੋਸ਼ ਲਾਇਆ ਕਿ ਠੇਕੇ ਦੇ ਕਰਿੰਦੇ ਤਸੱਲੀਬਖਸ਼ ਜਵਾਬ ਦੇਣ ਦੀ ਬਜਾਇ ਬੀਅਰ ਦਾ ਸਟਾਕ ਖਿਸਕਾਉਣ ਦੀ ਨੀਅਤ ਨਾਲ ਜੀਪ ’ਤੇ ਲੱਦਣ ਲੱਗੇ। ਨੌਜਵਾਨਾਂ ਨੇ ਹਰਿਆਣਾ ਸਰਕਾਰ ਤੋਂ ਸ਼ਰਾਬ ਠੇਕੇਦਾਰ ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਠੇਕੇਦਾਰ ਸਤੀਸ਼ ਕੁਮਾਰ ਐਂਡ ਕੰਪਨੀ ਦੇ ਇੰਚਾਰਜ ਨੀਰਜ ਸ਼ਰਮਾ ਨੇ ਸ਼ਰਾਬ ਠੇਕੇ ‘ਤੇ ਲੰਘੀ ਮਿਆਦ ਵਾਲੀ ਬੀਅਰ ਵੇਚਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਕੋਲ 11 ਜ਼ਿਲ੍ਹਿਆਂ ਦੇ ਠੇਕੇ ਹਨ। ਉਨ੍ਹਾਂ ਨੂੰ ਅਜਿਹਾ ਗਲਤ ਕਾਰਜ ਕਰਨ ਦੀ ਕੀ ਜ਼ਰੂਰਤ ਹੈ। ਬੀਅਰ ਆਨਲਾਈਨ ਰਕਮ ਨਾਲ ਖਰੀਦੇ ਜਾਣ ਦੀ ਗੱਲ ਦੱਸਣ ‘ਤੇ ਮੈਨੇਜਰ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਗਲਤ ਜਾਪਦਾ ਹੈ ਤਾਂ ਉਹ ਠੇਕੇ ਤੋਂ ਬੀਅਰ ਦੀਆਂ ਚਾਰ ਬੋਤਲਾਂ ਹੋਰ ਬਿਨਾਂ ਹੋਰ ਰਕਮ ਦਿੱਤੇ ਲਿਜਾ ਸਕਦੇ ਹਨ ਜਦਕਿ ਸ਼ਿਕਾਇਤਕਰਤਾ ਨੌਜਵਾਨ ਠੇਕੇ ਤੋਂ ਹਰਜਾਨੇ ਵਜੋਂ ਬਿਨਾਂ ਨਵੀਆਂ ਬੋਤਲਾਂ ਵਸੂਲੇ ਵਾਪਸ ਮਲੋਟ ਵਾਪਸ ਚਲੇ ਗਏ। ਜ਼ਿਲ੍ਹਾ ਆਬਕਾਰੀ ਅਧਿਕਾਰੀ ਜਿਤੇਂਦਰ ਰਾਘਵ ਨੇ ਕਿਹਾ ਕਿ ਉਨ੍ਹਾਂ ਆਬਕਾਰੀ ਅਮਲੇ ਦੀ ਡਿਊਟੀ ਲਾਈ ਹੈ। ਉਹ ਪੜਤਾਲ ਕਰ ਕੇ ਕਾਰਵਾਈ ਕਰਨਗੇ।