ਬਰਨਾਲਾ (ਨਿੱਜੀ ਪੱਤਰ ਪੇ੍ਰਕ): ਨਗਰ ਕੌਂਸਲ ਬਰਨਾਲਾ ਵੱਲੋਂ ਕਰਵਾਏ ਇੱਕ ਸੜਕੀ ਵਿਕਾਸ ਕਾਰਜ ਦੌਰਾਨ ਘਪਲੇਬਾਜ਼ੀ ਦੇ ਮਾਮਲੇ ਦੀ ਵਿਭਾਗੀ ਵਿਜੀਲੈਂਸ ਜਾਂਚ ਰਿਪੋਰਟ ਉਪਰੰਤ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਏ.ਕੇ. ਸਿਨਹਾ ਵੱਲੋਂ ਤਤਕਾਲੀ ਸਹਾਇਕ ਮਿਊਂਸਪਲ ਇੰਜਨੀਅਰ (ਏ.ਐਮ.ਈ.) ਦਮਨਦਵਿੰਦਰ ਸਿੰਘ ਤੇ ਮੌਜੂਦਾ ਜੂਨੀਅਰ ਇੰਜਨੀਅਰ ਮੇਜਰ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਨੌਕਰੀਉਂ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ ਹਨ| ਵਿਭਾਗੀ ਪੱਤਰ ਅਨੁਸਾਰ ਉਕਤ ਦੋਵੇਂ ਅਧਿਕਾਰੀਆਂ ਦਾ ਮੁਅੱਤਲੀ ਸਮੇਂ ਦੌਰਾਨ ਹੈੱਡਕੁਆਟਰ ਡਾਇਰੈਕਟੋਰੇਟ ਸਥਾਨਕ ਸਰਕਾਰ ਪੰਜਾਬ, ਚੰਡੀਗੜ੍ਹ (ਸਦਰ ਦਫ਼ਤਰ) ਨਿਸਚਿਤ ਕੀਤਾ ਗਿਆ ਹੈ|