ਪਰਸ਼ੋਤਮ ਬੱਲੀ
ਬਰਨਾਲਾ, 20 ਅਕਤੂਬਰ
ਕੇਂਦਰੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਇਥੇ ਰੇਲਵੇ ਸਟੇਸ਼ਨ ‘ਤੇ ਲੱਗੇ ਸਾਂਝੇ ਧਰਨੇ ‘ਤੇ ਅੱਜ ਬੁਲਾਰਿਆਂ ਨੇ ਕਿਸਾਨਾਂ ਨੂੰ ਵਹੀਰਾਂ ਘੱਤ ਕੇ ਦਿੱਲੀ ਮੋਰਚਿਆਂ ‘ਤੇ ਪਹੁੰਚਣ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਿੰਘੂ ਬਾਰਡਰ ‘ਤੇ ਹੋਈ ਮੰਦਭਾਗੀ ਘਟਨਾ ਨੇ ਸਾਬਤ ਕਰ ਦਿੱਤਾ ਹੈ ਬੌਖਲਾਈ ਹੋਈ ਸਰਕਾਰ ਅੰਦੋਲਨ ਨੂੰ ਢਾਹ ਲਾਉਣ ਲਈ ਕਿਸੇ ਵੀ ਹੱਦ ਤੱਕ ਨਿੱਘਰ ਸਕਦੀ ਹੈ।
ਅੱਜ ਭਗਵਾਨ ਵਾਲਮੀਕਿ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਨੇ ਸਾਂਝੀਵਾਲਤਾ, ਸਮਾਜਿਕ ਸਦਭਾਵਨਾ ਤੇ ਮਨੁੱਖੀ ਬਰਾਬਰੀ ਦੇ ਸੁਨੇਹੇ ਦਿੱਤੇ। ਧਰਨੇ ਨੂੰ ਅਮਰਜੀਤ ਕੌਰ, ਨਰੈਣ ਦੱਤ,ਬਾਬੂ ਸਿੰਘ ਖੁੱਡੀ ਕਲਾਂ, ਉਜਾਗਰ ਸਿੰਘ ਬੀਹਲਾ,ਬਲਜੀਤ ਸਿੰਘ ਚੌਹਾਨਕੇ, ਗੁਰਜੰਟ ਸਿੰਘ ਹਮੀਦੀ,ਧਰਮਪਾਲ ਕੌਰ , ਬਿੱਕਰ ਸਿੰਘ ਔਲਖ, ਗੁਰਮੇਲ ਸ਼ਰਮਾ,ਪ੍ਰਮਿੰਦਰ ਹੰਢਿਆਇਆ, ਬਲਵਿੰਦਰ ਕੌਰ ਖੁੱਡੀ ਕਲਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਗੁਲਾਬੀ ਸੁੰਡੀ ਪੀੜ੍ਹਤ ਨਰਮਾ ਕਾਸ਼ਤਕਾਰਾਂ ਲਈ ਫੌਰੀ ਮੁਆਵਜ਼ੇ ਦੀ ਮੰਗ ਵੀ ਕੀਤੀ। ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲੱਗਿਆ ਹੋਇਆ ਧਰਨਾ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ। ਧਰਨੇ ਨੂੰ ਮੇਜਰ ਸਿੰਘ, ਬਲਵਿੰਦਰ ਸਿੰਘ, ਨਾਜਰ ਸਿੰਘ, ਤੇਜਾ ਸਿੰਘ, ਮੱਘਰ ਸਿੰਘ ਤੇ ਮਿੱਠੂ ਸਿੰਘ ਨੇ ਸੰਬੋਧਨ ਕੀਤਾ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਥੇ ਲਹਿਲ ਖੁਰਦ ਪਿੰਡ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪੱਕਾ ਮੋਰਚਾ ਅੱਜ 383ਵੇਂ ਦਿਨ ਵੀ ਜਾਰੀ ਰਿਹਾ।
ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਰਾਮਾ ਸਿੰਘ, ਦਰਸ਼ਨ ਸਿੰਘ ਚੰਗਾਲੀਵਾਲਾ, ਬਹਾਦਰ ਸਿੰਘ ਭੁਟਾਲ ਖੁਰਦ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਰਾਮਚੰਦ ਸਿੰਘ ਚੋਟੀਆਂ, ਜਗਦੀਪ ਸਿੰਘ ਲਹਿਲ ਖੁਰਦ, ਪ੍ਰੀਤਮ ਸਿੰਘ ਲਹਿਲ ਕਲਾ, ਬੂਟਾ ਸਿੰਘ ਭੁਟਾਲ ਕਲਾ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਕਰਮਜੀਤ ਕੌਰ ਭੁਟਾਲ ਕਲਾਂ, ਜਸਵਿੰਦਰ ਕੌਰ ਗਾਗਾ, ਬਲਜੀਤ ਕੌਰ ਲਹਿਲ ਕਲਾਂ ਮਜ਼ਦੂਰ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਰਪੋਰੇਟ ਪੱਖੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਬਾਰਡਰਾਂ ਉਤੇ ਮੋਰਚਿਆਂ ਨੂੰ ਸਾਲ ਹੋਣ ਦੇ ਕਰੀਬ ਹੈ। ਪੰਜਾਬ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਇਸ ਕਿਸਾਨ ਆਪਣੀ ਫ਼ਸਲ ਸੰਭਾਲਣ ਵਿਚ ਰੁਝ ਰਹੇ ਹਨ। ਇਸ ਮੌਕੇ ਬਲਾਕ ਦੇ ਆਗੂਆਂ ਵਲੋਂ ਪਿੰਡਾਂ ਵਿਚ ਮੀਟਿੰਗਾਂ ਕਰਵਾ ਕੇ ਦਿਲੀ ਮੋਰਚੇ ਵਿਚ ਗਿਣਤੀ ਵਧਾਉਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਨਾਲ ਪਿੰਡਾਂ ਵਿਚੋਂ ਕਿਸਾਨਾਂ ਮਜ਼ਦੂਰਾਂ ਨੇ ਗਰੁੱਪ ਬਣਾ ਕੇ ਦਿਲੀ ਨੂੰ ਵਹੀਰਾਂ ਘੱਤਣੀਆਂ ਸ਼ੁਰੂ ਕੀਤੀਆਂ ਹਨ। ਕਿਸਾਨ ਔਰਤਾਂ ਨੇ ਮਰਦਾਂ ਦੀ ਜਗ੍ਹਾ ਲਈ ਹੈ।