ਪਰਸ਼ੋਤਮ ਬੱਲੀ
ਬਰਨਾਲਾ, 31 ਮਾਰਚ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨੇ ਦੇ ਅੱਜ 182ਵੇਂ ਦਿਨ ਵੀ ਜਿੱਥੇ ਜੋਸ਼ੀਲੀਆਂ ਤਕਰੀਰਾਂ ਜਾਰੀ ਰਹੀਆਂ, ਉੱਥੇ ਮਰਹੂਮ ਗੁੁਰਸ਼ਰਨ ਭਾਅ ਜੀ ਦੀ ਨਾਟਕ ਟੀਮ ਦੇ ਮੈਂਬਰ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ‘ਅਸੀਂ ਜਿੱਤਾਂਗੇ ਜ਼ਰੂਰ’ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ| ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਕਾਕਾ ਸਿੰਘ ਫਰਵਾਹੀ, ਭਾਗ ਸਿੰਘ ਕੁੁਰੜ, ਪ੍ਰੇਮਪਾਲ ਕੌਰ, ਜਸਪਾਲ ਚੀਮਾ, ਪ੍ਰਮਿੰਦਰ ਹੰਢਿਆਇਆ, ਮਨਜੀਤ ਰਾਜ, ਕੁੁਲਵੰਤ ਸਿੰਘ ਭਦੌੜ, ਉਜਾਗਰ ਸਿੰਘ ਬੀਹਲਾ, ਗੋਰਾ ਸਿੰਘ ਢਿਲਵਾਂ, ਨਛੱਤਰ ਸਿੰਘ ਸਾਹੌਰ, ਨੇਕਦਰਸ਼ਨ ਸਿੰਘ ਤੇ ਬਲਵਿੰਦਰ ਸਿੰਘ ਬਿੰਦੂ ਨੇ ਸੰਬੋਧਨ ਕੀਤਾ| ਬੁੁਲਾਰਿਆਂ ਨੇ ਕਿਹਾ ਕਿ ਕੱਲ੍ਹ ਨੂੰ ਸਿਰਮੌਰ ਸ਼ਹੀਦ ਗੁੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮੋਰਚਾ ਸਥਾਨ ‘ਤੇ ਮਨਾਇਆ ਜਾਵੇਗਾ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਵਿਸ਼ੇਸ਼ ਸ਼ਿਰਕਤ ਕਰਨਗੇ| ਜੁੁਗਰਾਜ ਸਿੰਘ ਠੁੱਲੀਵਾਲ ਤੇ ਸਾਧੂ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ ਨੇ ਵਾਰਾਂ ਗਾਈਆਂ| ਬੀਬੀ ਪ੍ਰੀਤ ਕੌਰ ਧੂਰੀ ਤੇ ਕਰਨੈਲ ਸਿੰਘ ਗੁੰਮਟੀ ਨੇ ਗੀਤ ਸੁੁਣਾਏ|