ਜਸਵੰਤ ਜੱਸ
ਫਰੀਦਕੋਟ, 24 ਜੁਲਾਈ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਝੁੱਗੀ ਝੌਪੜੀਆਂ ਅਤੇ ਸਲੱਮ ਏਰੀਆ ਵਿੱਚ ਰਹਿਣ ਵਾਲੇ ਸਰਕਾਰੀ ਜ਼ਮੀਨ ’ਤੇ ਕਾਬਜ਼ ਅਤਿ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਬਸੇਰਾ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਇਸ ਵਰਗ ਨੂੰ ਜਿੱਥੇ ਭਾਰੀ ਲਾਭ ਪੁੱਜ ਰਿਹਾ ਹੈ ਉੱਥੇ ਹੀ ਉਨ੍ਹਾਂ ਦਾ ਘਰ ਬਣਾਉਣ ਦਾ ਸੁਪਨਾ ਵੀ ਸਾਕਾਰ ਹੋਇਆ ਹੈ।
ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ ਨੇ ਅੱਜ ਨਗਰ ਕੋਂਸਲ ਫਰੀਦਕੋਟ ਅਧੀਨ ਆਉਂਦੀ ਜੋਗੀਆਂ ਵਾਲੀ ਬਸਤੀ ਅਤੇ ਬਲਵੀਰ ਬਸਤੀ ਦੇ 119 ਗਰੀਬ ਪਰਿਵਾਰਾਂ ਨੂੰ ਕਾਬਜ਼ ਜ਼ਮੀਨ ਦੇ ਮਾਲਕੀ ਹੱਕ ਦੇ ਕਾਗਜ਼ਾਤ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ ਵਰਗੇ ਸੰਕਟਕਾਲੀਨ ਸਮੇਂ ਵਿੱਚ ਆਰਥਿਕ ਤੰਗੀ ਦੇ ਬਾਵਜੂਦ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਨੂੰ ਲਗਾਤਾਰ ਜਾਰੀ ਰੱਖਿਆ ਗਿਆ ਹੈ। ਉਨ੍ਹਾ ਕਿਹਾ ਕਿ ਫਰੀਦਕੋਟ ਸ਼ਹਿਰ ਅਤੇ ਹਲਕੇ ਦੇ ਪੇਂਡੂ ਇਲਾਕਿਆਂ ਵਿਚ ਜਿੱਥੇ ਵਿਕਾਸ ਕਾਰਜਾਂ ਵਿੱਚ ਵੱਡੀ ਪੱਧਰ ’ਤੇ ਤੇਜ਼ੀ ਲਿਆਂਦੀ ਗਈ ਹੈ, ਉੱਥੇ ਹੀ ਵੱਖ-ਵੱਖ ਵਰਗਾਂ ਲਈ ਵੱਡੀ ਪੱਧਰ ਤੇ ਹੋਰ ਭਲਾਈ ਸਕੀਮਾਂ ਦਾ ਵਿਸਥਾਰ ਵੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬਸੇਰਾ ਸਕੀਮ ਵੀ ਰਾਜ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਸਕੀਮ ਹੈ ਜਿੱਥੇ ਝੁੱਗੀਆਂ ਝੌਪੜੀਆਂ, ਸਲਮ ਏਰੀਏ ਵਿੱਚ ਰਹਿੰਦੇ ਗਰੀਬ ਵਰਗ ਨੂੰ ਉਨ੍ਹਾਂ ਦੀ ਜ਼ਮੀਨ ਦੇ ਮਾਲਕਾਨਾ ਹੱਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਨੂੰ ਅਰਾਮਦਾਇਕ ਅਤੇ ਸਹੂਲਤਾਂ ਵਾਲਾ ਬਣਾਉਣ ਲਈ ਸਾਰੀਆਂ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਪੀਣਯੋਗ ਸਾਫ ਪਾਣੀ, ਸਟਰੀਟ ਲਾਈਟਾਂ ਅਤੇ ਸੜਕਾਂ ਆਦਿ ਪ੍ਰਦਾਨ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਪਰਮਦੀਪ ਸਿੰਘ ਏ ਡੀ ਸੀ, ਪ੍ਰਧਾਨ ਨਗਰ ਕੌਂਸਲ ਨਰਿੰਦਰਪਾਲ ਸਿੰਘ ਨਿੰਦਾ, ਚੇਅਰਮੈਨ ਨਗਰ ਸੁਧਾਰ ਟਰੱਸਟ ਲਲਿਤ ਮੋਹਣ ਗੁਪਤਾ, ਅਮਿਤ ਕੁਮਾਰ ਜੁਗਨੂੰ, ਕੌਂਸਲਰ ਗੁਰਤੇਜ ਸਿੰਘ ਤੇਜਾ, ਜਸਵੰਤ ਸਿੰਘ ਕੁੱਲ, ਬਲਜੀਤ ਸਿੰਘ ਗੋਰਾ, ਰਣਜੀਤ ਸਿੰਘ ਭੋਲੂਵਾਲਾ, ਸੁਖਚੈਨ ਸਿੰਘ ਚੈਨਾ, ਕਰਮਜੀਤ ਸਿੰਘ ਟਹਿਣਾ ਆਦਿ ਵੀ ਹਾਜ਼ਰ ਸਨ।