ਪੱਤਰ ਪ੍ਰੇਰਕ
ਮਾਨਸਾ, 7 ਅਗਸਤ
ਸੁਪਰਫਾਸਟ ਬਠਿੰਡਾ-ਦਿੱਲੀ ਐਕਸਪ੍ਰੈਸ ਮਾਨਸਾ ਰੇਲਵੇ ਸਟੇਸ਼ਨ ’ਤੇ ਵੀ ਰੁਕਣੀ ਸ਼ੁਰੂ ਹੋ ਗਈ ਹੈ। ਪਹਿਲਾਂ ਇਹ ਰੇਲ ਗੱਡੀ ਦਿੱਲੀ ਤੋਂ ਚੱਲ ਕੇ ਜਾਖ਼ਲ ਹੁੰਦੀ ਹੋਈ ਸਿੱਧਾ ਬਠਿੰਡਾ ਜਾ ਕੇ ਰੁਕਦੀ ਸੀ। ਇਸ ਕਾਰਨ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ, ਵਪਾਰੀਆਂ ਅਤੇ ਵਿਦੇਸ਼ ਜਾਣ-ਆਉਣ ਵਾਲੇ ਲੋਕਾਂ ਸਣੇ ਜ਼ਿਲ੍ਹੇ ਦੇ ਵੱਡੇ ਤਾਪਘਰ ਟੀਐਸਪੀਐਲ ਦੇ ਅਧਿਕਾਰੀਆਂ ਨੂੰ ਸਮੱਸਿਆ ਆਉਂਦੀ ਸੀ। ਇਸ ਰੇਲ ਗੱਡੀ ਦੇ ਠਹਿਰਾਅ ਲਈ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੂੰ ਮਿਲ ਕੇ ਸ਼ਹਿਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਮੰਗ ਕੀਤੀ ਗਈ ਸੀ। ਸ੍ਰੀ ਨਕੱਈ ਦੇ ਉਪਰਾਲਿਆਂ ਤੋਂ ਬਾਅਦ ਅੱਜ ਇਸ ਮਾਮਲੇ ਨੂੰ ਉਸ ਵੇਲੇ ਬੂਰ ਪਿਆ, ਜਦੋਂ ਇਹ ਗੱਡੀ ਅੱਜ ਮਾਨਸਾ ’ਤੇ ਆ ਕੇ ਰੁਕੀ। ਇਹ ਗੱਡੀ ਜਾਖ਼ਲ ਤੋਂ ਮਾਨਸਾ ਆਉਂਦੀ ਹੋਈ ਮਾਨਸਾ ਸਟੇਸ਼ਨ ’ਤੇ ਸਵੇਰੇ 11.20 ਵਜੇ ਅਤੇ ਸ਼ਾਮ ਨੂੰ ਬਠਿੰਡਾ ਤੋਂ ਮਾਨਸਾ 4.20 ’ਤੇ ਪੁੱਜੇਗੀ।
ਗੱਡੀ ਦੇ ਅੱਜ ਰੁਕਣ ਸਮੇਂ ਸ੍ਰੀ ਨਕੱਈ ਸਣੇ ਸ਼ਹਿਰੀਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਡਰਾਈਵਰ ਦਾ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ। ਸ੍ਰੀ ਨਕੱਈ ਨੇ ਕਿਹਾ ਕਿ ਮਾਨਸਾ ਸਟੇਸ਼ਨ ਦੇ ਨਵੀਨੀਕਰਨ ਅਤੇ ਸੁਪਰਫਾਸਟ ਗੱਡੀਆਂ ਦੇ ਠਹਿਰਾਅ ਨਾਲ ਇੱਥੋਂ ਦੀ ਕਾਰੋਬਾਰੀ ਹੱਬ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਗੱਡੀਆਂ ਬੰਦ ਪਈਆਂ ਹਨ, ਉਨ੍ਹਾਂ ਨੂੰ ਵੀ ਛੇਤੀ ਹੀ ਸ਼ੁਰੂ ਕਰਵਾਇਆ ਜਾਵੇਗਾ ਅਤੇ ਇਸ ਸਬੰਧੀ ਵੀ ਰੇਲਵੇ ਵਿਭਾਗ ਨਾਲ ਗੱਲਬਾਤ ਚੱਲ ਰਹੀ ਹੈ।