ਮਨੋਜ ਸ਼ਰਮਾ
ਬਠਿੰਡਾ, 7 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਬਠਿੰਡਾ ਦੀ ਇਕਾਈ ਦਾ ਅੱਜ ਵੱਡਾ ਇਕੱਠ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਮੁੱਖ ਦਫ਼ਤਰ ਵਿਚ ਹੋਇਆ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਕੀਤੀ। ਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸੇਖੋਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਸਮੁੱਚੇ ਹਲਕਾ ਇੰਚਾਰਜ, ਸ਼੍ਰੋਮਣੀ ਕਮੇਟੀ ਮੈਂਬਰ, ਸਰਕਲ ਪ੍ਰਧਾਨ, ਯੂਥ ਵਿੰਗ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਰੋਸਾ ਪ੍ਰਗਟ ਕੀਤਾ ਗਿਆ। ਉਨ੍ਹਾਂ ਸੁਖਬੀਰ ਨਾਲ ਖੜ੍ਹੇ ਰਹਿਣ ਦਾ ਅਹਿਦ ਲਿਆ। ਜਨਮੇਜਾ ਸਿੰਘ ਸੇਖੋਂ ਅਤੇ ਬਲਕਾਰ ਸਿੰਘ ਬਰਾੜ ਨੇ ਦਾਆਵਾ ਕੀਤਾ ਕਿ ਜ਼ਿਲ੍ਹਾ ਬਠਿੰਡਾ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਸ੍ਰੀ ਸੇਖੋਂ ਨੇ ਬਾਗੀਆਂ ਨੂੰ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਨ ਵਿੱਚ ਵਲਵਲਾ ਹੈ ਤਾਂ ਸਿਰਫ ਪਾਰਟੀ ਪੱਧਰ ’ਤੇ ਰੱਖਿਆ ਜਾਵੇ ਅਤੇ ਪਾਰਟੀ ਨੂੰ ਇੱਕਜੁਟਤਾ ਲਈ ਵੀ ਸੁਝਾਅ ਦਿੱਤੇ ਜਾਣ। ਸ੍ਰੀ ਸੇਖੋਂ ਨੇ ਕਿਹਾ ਕਿ ਬਾਗੀ ਖੁੱਲ੍ਹੇ ਤੌਰ ’ਤੇ ਪਾਰਟੀ ਜਾਂ ਪੰਥ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਸਰਕਾਰਾਂ ਬਣੀਆਂ ਉਸ ਵੇਲੇ ਉਨ੍ਹਾਂ ਬਗਾਵਤੀ ਲੀਡਰਾਂ ਨੇ ਕੈਬਨਿਟ ਵਜ਼ੀਰੀਆਂ ਦਾ ਆਨੰਦ ਮਾਣਿਆ ਹੈ ਅਤੇ ਹੁਣ ਉਹ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਗੀਆਂ ਦੇ ਪਿੱਛੇ ਵੱਡੀਆਂ ਸਰਕਾਰਾਂ ਦੀ ਸਾਜਿਸ਼ ਹੈ ਜਿਸ ਨੂੰ ਮੁੱਖ ਤੌਰ ’ਤੇ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਹੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਕੇ ਸਰਕਾਰ ਬਣਾਏਗਾ। ਇਸ ਮੌਕੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਰਵੀ ਪ੍ਰੀਤ ਸਿੰਘ ਤਲਵੰਡੀ ਸਾਬੋ, ਇਕਬਾਲ ਸਿੰਘ ਬਬਲੀ ਢਿੱਲੋਂ ਬਠਿੰਡਾ, ਹਰਿੰਦਰ ਸਿੰਘ ਮਹਿਰਾਜ ਰਾਮਪੁਰਾ ਫੂਲ, ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ, ਮੇਜਰ ਸਿੰਘ ਢਿੱਲੋਂ, ਸਤਨਾਮ ਸਿੰਘ, ਦਵਿੰਦਰ ਕੌਰ, ਜਗਸੀਰ ਸਿੰਘ ਜੱਗਾ ਕਲਿਆਣ, ਮੋਹਿਤ ਗੁਪਤਾ, ਬਲਜੀਤ ਸਿੰਘ ਬੀੜ ਬਹਿਮਨ, ਚਮਕੌਰ ਸਿੰਘ ਮਾਨ, ਗਰਦੌਰ ਸਿੰਘ ਸੰਧੂ, ਗੁਰਲਾਭ ਸਿੰਘ ਢੇਲਵਾਂ ਤੇ ਹਲਕਾ ਭੁੱਚੋ ਦੇ ਇੰਚਾਰਜ ਮਾਨ ਸਿੰਘ ਗੁਰੂ ਮੌਜੂਦ ਸਨ।
ਬਾਗੀਆਂ ਨੂੰ ਪਿਛਲੀ ਕਤਾਰ ਵਿੱਚ ਖੜ੍ਹਨਾ ਪਵੇਗਾ: ਸੇਖੋਂ
ਜਨਮੇਜਾ ਸਿੰਘ ਸੇਖੋਂ ਨੇ ਬਾਗੀਆਂ ਨੂੰ ਪਾਰਟੀ ਵਿੱਚ ਵਾਪਸ ਲੈਣ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਉਹ ਪਾਰਟੀ ਵਿੱਚ ਆਉਣਗੇ ਤਾਂ ਪਿਛਲੇ ਕਤਾਰ ਵਿੱਚ ਖੜ੍ਹਾ ਕੀਤਾ ਜਾਵੇਗਾ ਤੇ ਕਿਸੇ ਵੀ ਹਲਕੇ ਤੋਂ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ।