ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 17 ਅਪਰੈਲ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਬਠਿੰਡਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਕੌਂਸਲਰ ਸ਼ਹਿਰ ਦੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ। ਇਨ੍ਹਾਂ ਆਗੂਆਂ ਨੇ 53 ਸਾਲਾਂ ਬਾਅਦ ਮਿਲੀ ਜਿੱਤ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਸ਼ਹਿਰ ਦੇ ਵਿਕਾਸ ਕਾਰਜਾਂ ਸਮੇਤ ਸ਼ਹਿਰ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਅਰਦਾਸ ਕੀਤੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਤੇ ਡਿਪਟੀ ਮੇਅਰ ਮਾ. ਹਰਮੰਦਰ ਸਿੰਘ ਸਿੱਧੂ ਸਮੇਤ ਸਾਰੇ ਕੌਂਸਲਰ ਅੱਜ ਗੁਰਦੁਆਰਾ ਕਿਲਾ ਮੁਬਾਰਕ ਅਤੇ ਪੋਸਟ ਆਫਿਸ ਬਾਜ਼ਾਰ ’ਚ ਸਥਿਤ ਮੰਦਰ ’ਚ ਨਤਮਸਤਕ ਹੋਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਨਗਰ ਨਿਗਮ ਦਾ ਇੱਕ ਮੇਅਰ ਚੁਣਿਆ ਗਿਆ ਹੈ ਪਰ ਸ਼ਹਿਰ ਦੇ ਪੰਜਾਹ ਵਾਰਡਾਂ ਦੇ ਪੰਜਾਹ ਕੌਂਸਲਰ ਹੀ ਆਪੋ-ਆਪਣੇ ਵਾਰਡ ਦੇ ਮੇਅਰ ਹੋਣਗੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ, ਕੇ ਕੇ ਅਗਰਵਾਲ, ਬਲਜਿੰਦਰ ਠੇਕੇਦਾਰ, ਪਵਨ ਹਾਜ਼ਰ ਸਨ।
ਕੋਠਾ ਗੁਰੂ ਦੀ ਧੀ ਬਠਿੰਡਾ ਦੀ ਪਹਿਲੀ ਔਰਤ ਮੇਅਰ ਬਣੀ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਬਲਾਕ ਭਗਤਾ ਭਾਈ ਦੇ ਪਿੰਡ ਕੋਠਾ ਗੁਰੂ ਦੀ ਧੀ ਰਮਨ ਗੋਇਲ ਨੂੰ ਬਠਿੰਡਾ ਸ਼ਹਿਰ ਦੀ ਪਹਿਲੀ ਔਰਤ ਮੇਅਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਿੰਡ ਕੋਠਾ ਗੁਰੂ ਵਿੱਚ ਮਿੱਤਰ ਸੈਨ ਦੇ ਘਰ ਜਨਮੀ ਰਮਨ ਗੋਇਲ ਦਾ ਵਿਆਹ 1996 ਵਿੱਚ ਬਠਿੰਡਾ ਵਿਚ ਸੰਦੀਪ ਗੋਇਲ ਪੁੱਤਰ ਸੋਹਣ ਲਾਲ ਨਾਲ ਹੋਇਆ ਸੀ। ਰਮਨ ਗੋਇਲ ਦੇ ਭਰਾ ਸਤੀਸ਼ ਗੋਇਲ ਤੇ ਜਤਿੰਦਰ ਕੁਮਾਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਮਨ ਦੀ ਇਸ ਪ੍ਰਾਪਤੀ ਨਾਲ ਪਿੰਡ ਦਾ ਨਾਮ ਉੱਚਾ ਹੋਇਆ ਹੈ।