ਪੱਤਰ ਪ੍ਰੇਰਕ
ਭੁੱਚੋ ਮੰਡੀ, 25 ਅਕਤੂਬਰ
ਪੰਜ ਮੈਂਬਰੀ ਕਮੇਟੀ ਤੋੜ ਕੇ ਪ੍ਰਧਾਨ ਅਤੇ ਮੀਤ ਪ੍ਰਧਾਨ ਚੁਣੇ ਜਾਣ ਕਾਰਨ ਦੋਫਾੜ ਹੋਈ ਟਰੱਕ ਅਪਰੇਟਰ ਯੂਨੀਅਨ ਦੇ ਦੋਵੇਂ ਧੜਿਆਂ ਵਿੱਚ ਪੈਦਾ ਹੋਇਆ ਵਿਵਾਦ ਲੜਾਈ ਝਗੜੇ ਦਾ ਕਾਰਨ ਬਣ ਗਿਆ ਹੈ। ਅੱਜ ਪਿੰਡ ਲਹਿਰਾ ਬੇਗਾ ਵਿੱਚ ਬਣੀ ਭੁੱਚੋ ਮੰਡੀ ਦੀ ਨਵੀਂ ਅਨਾਜ ਮੰਡੀ ਵਿੱਚ ਇੱਕ ਧੜੇ ਵੱਲੋਂ ਦੂਜੇ ਧੜੇ ਨੂੰ ਟਰਾਲੀਆਂ ਭਰਨ ਤੋਂ ਰੋਕਣ ’ਤੇ ਹੋਈ ਲੜਾਈ ਵਿੱਚ ਦੋਵਾਂ ਧੜਿਆਂ ਦੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਬਠਿੰਡਾ ਅਤੇ ਸਥਾਨਕ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਗੁਰੂ ਨਾਨਕ ਟਰੱਕ ਅਪਰੇਟਰ ਸੁਸਾਇਟੀ ਦੇ ਆਗੂ ਬਰਿੰਦਰ ਪਾਲ ਬਿੰਪਾ ਨੇ ਦੱਸਿਆ ਕਿ ਅੱਜ ਲਹਿਰਾ ਬੇਗਾ ਦੀ ਅਨਾਜ ਮੰਡੀ ਵਿੱਚ ਦੂਜੇ ਧੜੇ ਦੇ ਵਿਅਕਤੀਆਂ ਵੱਲੋਂ ਪੁਲੀਸ ਦੀ ਮੌਜੂਦਗੀ ਵਿੱਚ ਟਰੈਕਟਰ ਟਰਾਲੀਆਂ ਨਾਲ ਗੈਰ ਕਾਨੂੰਨੀ ਤੌਰ ’ਤੇ ਝੋਨੇ ਦੀ ਚੁਕਾਈ ਕਰਵਾਈ ਜਾ ਰਹੀ ਸੀ। ਉਨ੍ਹਾਂ ਧੜੇ ਦੇ ਕਰੀਬ 15 ਕੁ ਵਿਅਕਤੀਆਂ ਨੇ ਜਦੋਂ ਉਨ੍ਹਾਂ ਨੂੰ ਟਰਾਲੀਆਂ ਨਾ ਭਰਨ ਦੀ ਬੇਨਤੀ ਕੀਤੀ, ਤਾਂ ਉਨ੍ਹਾਂ ਨੇ ਡਾਗਾਂ, ਬੇਸਵਾਲਾਂ, ਕ੍ਰਿਪਾਨਾਂ ਅਤੇ ਝੋਨਾ ਚੁੱਕਣ ਵਾਲੀਆਂ ਤੰਗਲੀਆਂ ਨਾਲ ਹਮਲਾ ਕਰ ਦਿੱਤਾ। ਇਸ ਕੁੱਟਮਾਰ ਵਿੱਚ ਮੁਨਸੀ ਪਾਲੀ ਸਿੰਘ ਅਤੇ ਦਰਸ਼ਨ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੂਜੇ ਧੜੇ ਦੇ ਪ੍ਰਧਾਨ ਗੁਰਦਾਸ ਸਿੰਘ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਨੂੰ ਵਾਰ ਵਾਰ ਪੁੱਛੇ ਜਾਣ ’ਤੇ ਉਨ੍ਹਾਂ ਨੇ ਆਪਣਾ ਕੋਈ ਪੱਖ ਨਹੀਂ ਰੱਖਿਆ। ਉਹ ਅੱਖਾਂ ’ਤੇ ਬਾਂਹ ਰੱਖ ਕੇ ਪਏ ਰਹੇ।
ਭੁੱਚੋ ਪੁਲੀਸ ਚੌਕੀ ਦੇ ਇੰਚਾਰਜ ਗੋਬਿੰਦ ਸਿੰਘ ਨੇ ਕਿਹਾ ਕਿ ਪੁਲੀਸ ਦੀ ਮੌਜੂਦਗੀ ਵਿੱਚ ਕੋਈ ਲੜਾਈ ਨਹੀਂ ਹੋਈ ਅਤੇ ਨਾ ਹੀ ਸਾਡੇ ਕੋਲ ਕਿਸੇ ਦੇ ਬਿਆਨ ਹਾਸਲ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਿਰਫ਼ ਦਰਸ਼ਨ ਸਿੰਘ ਪੁੱਤਰ ਸੰਤੋਸ਼ ਸਿੰਘ ਦਾ ਮੈਡੀਕਲ ਰੁੱਕਾ ਆਇਆ ਹੈ। ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।