ਪੱਤਰ ਪ੍ਰੇਰਕ
ਮਾਨਸਾ, 22 ਅਕਤੂਬਰ
ਮਾਨਸਾ ਪੁਲੀਸ ਨੇ ਦੀਵਾਲੀ ਮੌਕੇ ਲੋਕਾਂ ਨੂੰ ਜੂਆ ਖੇਡਣ ਤੋਂ ਰੋਕਣ ਲਈ ਵਿਸ਼ੇਸ ਮੁਹਿੰਮ ਆਰੰਭ ਕੀਤੀ ਹੈ, ਜਿਸ ਤਹਿਤ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਜੂਆ ਖੇਡਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਪੁਲੀਸ ਥਾਣਿਆਂ ਦੇ ਮੁਖੀਆਂ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ। ਪੁਲੀਸ ਨੇ ਜੂਏਬਾਜ਼ੀ ਦੇ ਅੱਡਿਆਂ ਨੂੰ ਤਲਾਸ਼ ਕੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਲੋਕਾਂ ਦੀ ਭਾਲ ਕਰਨੀ ਆਰੰਭ ਕਰ ਦਿੱਤੀ ਹੈ। ਸੀਨੀਅਰ ਪੁਲੀਸ ਕਪਤਾਨ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਵੱਲੋਂ ਦੀਵਾਲੀ ਮੌਕੇ ਹੁੰਦੀ ਜੂਏਬਾਜ਼ੀ ਨੂੰ ਰੋਕਣ ਲਈ ਵਿਸ਼ੇਸ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਬਣੇ ਗੁਪਤ ਟਿਕਾਣਿਆਂ ’ਤੇ ਲੋਕ ਜੂਆ ਖੇਡਦੇ ਹਨ, ਜਿਸ ਕਰ ਕੇ ਸ਼ਹਿਰ ਵਿਚਲੇ ਕਲੱਬਾਂ, ਹੋਟਲਾਂ ਅਤੇ ਹੋਰ ਮਨੋਰੰਜਨ ਵਾਲੇ ਸਥਾਨਾਂ ’ਤੇ ਤਿੱਖੀ ਨਜ਼ਰ ਰੱਖਣੀ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦਿਹਾਤੀ ਖੇਤਰ ਵਿੱਚ ਤਾਸ਼ ਸਹਾਰੇ ਹੁੰਦੀ ਜੂਏਬਾਜ਼ੀ ਨੂੰ ਰੋਕਣ ਲਈ ਵੀ ਛਾਪੇ ਮਾਰੇ ਜਾਣਗੇ। ਉਨ੍ਹਾਂ ਕਿਹਾ ਕਿ ਕੁਝ ਖੇਤਰਾਂ ਵਿਚ ਕਿਸਮਤ ਪੁੜੀ ਸਟਾਈਲ ਦੀ ਹੋਣ ਵਾਲੀ ਜੂਏਬਾਜ਼ੀ ਵੀ ਇਸ ਵਾਰ ਨਹੀਂ ਚੱਲਣ ਦਿੱਤੀ ਜਾਵੇਗੀ।
ਪੁਲੀਸ ਅਧਿਕਾਰੀ ਦਾ ਕਹਿਣਾ ਕਿ ਬੇਸ਼ੱਕ ਜ਼ਿਲ੍ਹੇ ਦੇ 12 ਥਾਣਿਆਂ ਅਤੇ 4 ਚੌਕੀਆਂ ਵਿੱਚ ਸੈਂਕੜੇ ਮੁਲਾਜ਼ਮ ਕੰਮ ਕਰਦੇ ਹਨ, ਪਰ ਉਨ੍ਹਾਂ ਨੂੰ ਦੀਵਾਲੀ ਮੌਕੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਥਾਣਿਆਂ ਵਿਚ ਹੀ ਰਹਿਣ ਦੇ ਸਖ਼ਤੀ ਭਰੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਅਨੇਕਾਂ ਪੁਲੀਸ ਮੁਲਾਜ਼ਮ ਗੰਭੀਰ ਥਾਵਾਂ ’ਤੇ ਤਾਇਨਾਤ ਕੀਤਾ ਗਿਆ। ਇਸੇ ਦੌਰਾਨ ਹੀ ਪੁਲੀਸ ਅਧਿਕਾਰੀ ਵਲੋਂ ਸ਼ਹਿਰਾਂ ਦੇ ਸਮਾਜ ਸੇਵੀ ਕਲੱਬਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਮੋਹਤਬਰ ਆਗੂਆਂ ਰਾਹੀਂ ਜੂਆ ਨਾ ਖੇਡਣ ਦਾ ਲੋਕਾਂ ਨੂੰ ਵੀ ਇੱਕ ਅਹਿਮ ਸੁਨੇਹਾ ਭਿਜਵਾਇਆ ਗਿਆ ਤਾਂ ਜੋ ਜੂਏਬਾਜ਼ ਦੇ ਰੂਪ ਵਿੱਚ ਫੜੇ ਜਾਣ ਵਾਲੇ ਲੋਕ ਮਗਰੋਂ ਸਿਫਾਰਸ਼ਾਂ ਜਾਂ ਅਪੀਲਾਂ ਦੇ ਝਮੇਲਿਆਂ ਵਿਚ ਨਾ ਉਲਝ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਅੰਦਰ ਪੁਲੀਸ ਪੈਟਰੋਲਿੰਗ ਪਾਰਟੀਆਂ ਵੱਲੋਂ ਗਸ਼ਤ ਤੇਜ਼ ਕਰ ਦਿੱਤੀ ਗਈ ਹੈ, ਪ੍ਰਮੁੱਖ ਚੌਕਾਂ, ਅਹਿਮ ਸਥਾਨਾਂ ’ਤੇ ਨਾਕਾਬੰਦੀ ਕਰ ਸ਼ੱਕੀ ਵਿਅਕਤੀਆਂ ਉਪਰ ਬਾਜ਼ ਅੱਖ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡਾ, ਚੌਕਾਂ, ਡੀ.ਸੀ. ਤਿੰਨਕੋਨੀ, ਲੱਲੂਆਣਾ ਤਿਕੋਨੀ ਨਾਕਿਆਂ ਉਪਰ ਛੋਟੇ-ਵੱਡੇ ਵਾਹਨਾਂ ਤੋਂ ਇਲਾਵਾ ਸਕੂਟਰ, ਮੋਟਰਸਾਈਕਲਾਂ ਨੂੰ ਵੀ ਬਾਰੀਕੀ ਨਾਲ ਚੈੱਕ ਕੀਤਾ ਜਾ ਰਿਹਾ ਹੈ।