ਜਸਵੰਤ ਜੱਸ
ਫ਼ਰੀਦਕੋਟ, 14 ਸਤੰਬਰ
ਸ਼ਹਿਰ ਵਿੱਚ ਬਾਬਾ ਫ਼ਰੀਦ ਆਗਮਨ ਪੁਰਬ ਸ਼ੁਰੂ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਵਰੇਜ ਲਈ ਪੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸੀਵਰੇਜ ਪਾਉਣ ਲਈ ਸੀਵਰੇਜ ਬੋਰਡ ਨੇ ਸ਼ਹਿਰ ਦੀਆਂ ਦੋ ਮੁੱਖ ਸੜਕਾਂ ਪੁੱਟੀਆਂ ਹੋਈਆਂ ਹਨ ਅਤੇ ਸੀਵਰੇਜ ਪੈਣ ਦਾ ਕੰਮ ਕਰੀਬ ਦੋ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ। ਸੀਵਰੇਜ ਬੋਰਡ ਨੇ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਸੜਕਾਂ ਨੂੰ 18 ਫੁੱਟ ਡੂੰਘਾ ਪੁੱਟਿਆ ਸੀ ਜਿਸ ਕਰਕੇ ਬੀ ਐਂਡ ਆਰ ਨੇ ਅਜੇ ਇੱਥੇ ਪੱਕੀਆਂ ਸੜਕਾਂ ਬਣਾਉਣ ਲਈ ਸਹਿਮਤੀ ਨਹੀਂ ਦਿੱਤੀ ਸੀ। ਬੀ ਐਂਡ ਆਰ ਦੇ ਅਧਿਕਾਰੀਆਂ ਅਨੁਸਾਰ ਬਾਰਿਸ਼ਾਂ ਨਾਲ ਅਜੇ ਮਿੱਟੀ ਪੂਰੀ ਤਰ੍ਹਾਂ ਬੈਠੀ ਨਹੀਂ ਅਤੇ ਜੇਕਰ ਨਵੀਆਂ ਸੜਕਾਂ ਬਣਾਈਆਂ ਜਾਂਦੀਆਂ ਹਨ ਤਾਂ ਉਹ ਜਲਦ ਧਸ ਜਾਣਗੀਆਂ। ਵਿਧਾਇਕ ਗੁਰਦਿੱਤ ਸੇਖੋਂ ਨੇ ਕਿਹਾ ਕਿ ਫ਼ਰੀਦਕੋਟ ਵਿੱਚ ਦੇਸ਼ ਭਰ ਤੋਂ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਇਨ੍ਹਾਂ ਸੜਕਾਂ ਨੂੰ ਤੁਰੰਤ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਅਗਲੇ ਤਿੰਨਾਂ ਦਿਨਾਂ ਵਿੱਚ ਇਹ ਸੜਕਾਂ ਤਿਆਰ ਕਰ ਦਿੱਤੀਆਂ ਜਾਣਗੀਆਂ। ਸ਼ਹਿਰ ਵਿੱਚ ਚੌਕਾਂ ਅਤੇ ਫੁੱਟਪਾਥਾਂ ਨੂੰ ਰੰਗ ਰੋਗਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 19 ਤੋਂ 23 ਸਤੰਬਰ ਤੱਕ ਫ਼ਰੀਦਕੋਟ ਵਿੱਚ ਬਾਬਾ ਫ਼ਰੀਦ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ।