ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਕਤੂਬਰ
ਮਾਨਸਾ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਸੜਕਾਂ ਵਿਚ ਟੋਏ ਪਏ ਹੋਏ ਹਨ, ਜਿਨ੍ਹਾਂ ਦੀ ਮੁਰੰਮਤ ਲਈ ਹਾਲੇ ਸਰਕਾਰ ਦਾ ਕੋਈ ਇਰਾਦਾ ਨਹੀਂ ਲੱਗਦਾ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਕਚਿਹਰੀ ਵਿਖੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਆਉਣ ’ਤੇ ਥਾਣਾ ਸਿਟੀ 2 ਤੋਂ ਲੈ ਕੇ ਬੱਚਤ ਭਵਨ ਤੱਕ ਪੈਚ ਵਰਕ ਕਰਕੇ ਬੁੱਤਾ ਸਾਰਿਆ ਗਿਆ।
ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਅੱਜ ਮੰਤਰੀ ਦੇ ਆਉਣ ਤੇ ਜਿੱਥੋਂ ਤੱਕ ਮੰਤਰੀ ਨੇ ਜਾਣਾ ਸੀ ਉਥੋਂ ਤੱਕ ਪੈਚ ਵਰਕ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਮੰਤਰੀ ਅੱਗੇ ਕੀ ਸਾਬਤ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਜਿਸ ਸੜਕ ਤੋਂ ਜੱਜ ਸਾਹਿਬਾਨ, ਡਿਪਟੀ ਕਮਿਸ਼ਨਰ, ਐਸ.ਐਸ. ਪੀ. ਅਤੇ ਹੋਰ ਪੁਲੀਸ ਅਧਕਿਾਰੀਆਂ ਸਮੇਤ ਕਾਂਗਰਸ ਪਾਰਟੀ ਦੇ ਐੱਮਐੱਲਏ ਤੇ ਸਥਾਨਕ ਲੀਡਰ ਲੰਘਦੇ ਹਨ, ਉਨ੍ਹਾਂ ਵੱਲੋਂ ਉਸ ਸੜਕ ਦਾ ਵੀ ਕੰਮ ਨਹੀਂ ਕੀਤਾ ਜਾਂਦਾ ਤਾਂ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਕਚਹਿਰੀ ਤੱਕ ਜਾਂਦੀ ਇਸ ਸੜਕ ਦਾ ਸਿਰਫ ਬੱਚਤ ਭਵਨ ਤੱਕ ਪੈਚ ਵਰਕ ਕਰਨਾ ਤੇ ਬਾਕੀ ਸੜਕ ਨੂੰ ਛੱਡ ਦੇਣਾ ਸਾਬਤ ਕਰਦਾ ਹੈ ਕਿ ਸਰਕਾਰ ਦਾ ਲੋਕਾਂ ਨੂੰ ਸਾਫ ਸੜਕਾਂ ਦੇਣ ਦਾ ਕੋਈ ਇਰਾਦਾ ਨਹੀ। ਉਨ੍ਹਾਂ ਮੰਗ ਕੀਤੀ ਕਿ ਕਚਹਿਰੀ ਰੋਡ ਸਮੇਤ ਸ਼ਹਿਰ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਨੂੰ ਬਣਾਇਆ ਜਾਵੇ।