ਕੁਲਦੀਪ ਸੂਦ
ਹੰਢਿਆਇਆ, 28 ਅਕਤੂਬਰ
ਜ਼ਿਮਨੀ ਚੋਣਾਂ ’ਚ ਖੜ੍ਹੇ ਭਾਜਪਾ ਦੇ ਉਮੀਦਵਾਰ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਹੰਢਿਆਇਆ ਵਿੱਚ ਕਾਂਗਰਸ ਸਰਕਾਰ ਸਮੇਂ ਸਾਲ 2021 ਵਿੱਚ ਰੱਖੇ ਇੱਕ ਬਹੁ-ਮੰਜਲੀ ਹਸਪਤਾਲ ਦੇ ਨੀਂਹ ਪੱਥਰ ਕੋਲ ਖੜ੍ਹ ਕੇ ਮੌਜੂਦਾ ਸਰਕਾਰ ਤੋਂ ਝੋਲੀ ਫੈਲਾਅ ਕੇ ਮਲਟੀ ਸਪੈਸ਼ਲਿਟੀ ਹਸਪਤਾਲ ਬਣਾਉਣ ਦੀ ਭੀਖ ਮੰਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੁਢਲੀ ਸਹੂਲਤ ਲਈ ਲੋਕਾਂ ਨੂੰ ਖੇਡ ਸਟੇਡੀਅਮ ਨਾਲੋਂ ਹਸਪਤਾਲ ਦੀ ਵਧੇਰੇ ਲੋੜ ਹੈ।
ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਕਿਹਾ ਉਨ੍ਹਾਂ ਹਮੇਸ਼ਾ ਬਰਨਾਲਾ ਹਲਕੇ ਦੇ ਵਿਕਾਸ ਦੀ ਗੱਲ ਕੀਤੀ ਅਤੇ ਉਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਸਰਕਾਰ ਨੇ ਬਰਨਾਲਾ ਨੂੰ ਕਈ ਵੱਡੇ ਪ੍ਰਾਜੈਕਟ ਵੀ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਸਦਕਾ ਹੀ ਬਰਨਾਲਾ ਵਿਕਾਸ ਦੀ ਲੀਹ ’ਤੇ ਪਿਆ ਹੈ। ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਤਿੰਨ ਸਾਲ ਦੀ ਅਣਥੱਕ ਮਿਹਨਤ ਮਗਰੋਂ ਪੰਜਾਬ ਦੇ ਉੱਪ ਮੁੱਖ ਮੰਤਰੀ ਓਪੀ ਸੋਨੀ ਤੋਂ ਹਸਪਤਾਲ ਦਾ ਨੀਂਹ ਪੱਥਰ ਰਖਵਾਇਆ ਸੀ ਤੇ ਹਸਪਤਾਲ ਦੀ ਉਸਾਰੀ ਲਈ ਸਬੰਧਿਤ ਵਿਭਾਗ ਤੋਂ 40 ਕਰੋੜ ਦੀ ਰਾਸ਼ੀ ਵੀ ਮਨਜ਼ੂਰ ਕਰਵਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਸ ਦਿਨ ਵੀ ਭਾਜਪਾ ਸਰਕਾਰ ਆਵੇਗੀ ਮਲਟੀ ਸਪੈਸ਼ਲਿਟੀ ਹਸਪਤਾਲ ਜ਼ਰੂਰ ਬਣਾਵੇਗੀ। ਉਨ੍ਹਾਂ ਕਿਹਾ ਕਿ ਹੰਢਿਆਇਆ ਦੇ ਲੋਕਾਂ ਨੇ ਇਸ ਹਸਪਤਾਲ ਦੀ ਉਸਾਰੀ ਲਈ ਇੱਕ ‘ਹਸਪਤਾਲ ਬਚਾਓ ਕਮੇਟੀ’ ਦਾ ਗਠਨ ਕੀਤਾ ਹੋਇਆ ਹੈ ਜੋ ਅੱਜ ਵੀ ਇਸ ਹਸਪਤਾਲ ਲਈ ਸੰਘਰਸ਼ ਕਰ ਰਹੀ ਹੈ। ਇਸ ਮੌਕੇ ਕਰਨ ਢਿੱਲੋਂ, ਨਰਿੰਦਰ ਨੀਟਾ, ਕੁਲਦੀਪ ਸਿੰਘ ਧਾਲੀਵਾਲ, ਅਸ਼ਵਨੀ ਆਸੂ, ਰਾਜਿਟਰ ਉੱਪਲ, ਹਰਪਾਲ ਸਿੰਘ, ਪ੍ਰੀਤਮ ਜਿੰਦਲ ਮੌਜੂਦ ਸਨ।