ਪੱਤਰ ਪ੍ਰੇਰਕ
ਭੁੱਚੋ ਮੰਡੀ, 19 ਜੁਲਾਈ
ਬੈਸਟ ਪ੍ਰਾਈਜ਼ ਮਾਲ ਮੁਲਾਜ਼ਮ ਯੂਨੀਅਨ ਵੱਲੋਂ ਨੌਕਰੀਆਂ ਬਹਾਲ ਕਰਵਾਉਣ ਲਈ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਦੀ ਅਗਵਾਈ ਹੇਠ ਮਾਲ ਅੱਗੇ ਲਗਾਇਆ ਪੱਕਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਮੁਲਾਜ਼ਮਾਂ ਨੇ ਕੰਪਨੀ ਦੇ ਅਧਿਕਾਰੀਆਂ ਦੀ ਬੇਰੁਖੀ ਖ਼ਿਲਾਫ਼ ਨਾਆਰੇਬਾਜ਼ੀ ਕੀਤੀ। ਮੋਰਚੇ ਵਿੱਚ ਕਿਰਤੀ ਕਿਸਾਨ ਯੂਨੀਅਨ ਅਤੇ ਭਾਕਿਯੂ (ਉਗਰਾਹਾਂ) ਦੇ ਆਗੂ ਸ਼ਾਮਲ ਸਨ। ਮੁਲਾਜ਼ਮਾਂ ਦੀ ਅੱਜ ਮਾਲ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਮੁਲਾਜ਼ਮ ਆਗੂ ਜਸਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਪ੍ਰੀਤ ਸ਼ਰਮਾ, ਨਿਰਮਲ ਸਿੰਘ ਅਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਅੱਜ ਪ੍ਰਸ਼ਾਸਨਿਕ ਅਤੇ ਮਾਲ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਗੱਲਬਾਤ ਕਿਸੇ ਤਣ-ਪੱਤਣ ਨਹੀਂ ਲੱਗ ਸਕੀ। ਮਾਲ ਦੇ ਅਧਿਕਾਰੀਆਂ ਨੇ ਮੁਲਾਜ਼ਮਾਂ ਨੂੰ ਹੋਰਨਾਂ ਸਟੋਰਾਂ ਵਿੱਚ ਤਬਦੀਲ ਕਰਨ ਅਤੇ ਨੌਕਰੀ ਛੱਡਣ ਵਾਲੇ ਮੁਲਾਜ਼ਮਾਂ ਨੂੰ ਕੁੱਲ ਸਰਵਿਸ ਦਾ ਇੱਕ ਸਾਲ ਮਗਰ 15 ਦਿਨ ਦੀ ਤਨਖਾਹ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਤਜਵੀਜ਼ ਰੱਖੀ ਸੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਹੋਰਨਾਂ ਸਟੋਰਾਂ ਵਿੱਚ ਚਲੇ ਜਾਣਗੇ, ਪਰ ਉੱਥੇ ਰਹਿਣ ਅਤੇ ਖਾਣ-ਪੀਣ ਦਾ ਖਰਚਾ ਕੰਪਨੀ ਦੇਵੇ। ਅਧਿਕਾਰੀਆਂ ਨੇ ਕਿਸੇ ਨਤੀਜੇ ’ਤੇ ਪਹੁੰਚਣ ਲਈ 21 ਜੁਲਾਈ ਨੂੰ ਮੁੜ ਮੀਟਿੰਗ ਰੱਖ ਲਈ ਹੈ।