ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 18 ਮਾਰਚ
ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਸਾਂਝੇ ਕੇਡਰ ਨੂੰ ਵੱਖ-ਵੱਖ ਕਰਨ ਖ਼ਿਲਾਫ਼ ਰੋਸ ਵਜੋਂ ਅੱਜ ਸਰਕਾਰੀ ਹਸਪਤਾਲ ਭਗਤਾ ਭਾਈ ਦੇ ਦਫ਼ਤਰੀ ਤੇ ਪੈਰਾ ਮੈਡੀਕਲ ਸਟਾਫ ਵੱਲੋਂ ਕੰਮ ਛੱਡ ਕੇ ‘ਕੰਨ੍ਹ ਖੋਲ੍ਹ ਰੈਲੀ’ ਕੀਤੀ ਗਈ। ਇਕੱਤਰ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕੀਤੀ। ਸਿਹਤ ਵਿਭਾਗ ਕਲੈਰੀਕਲ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਬਲਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਾਰਨ ਮੁਲਾਜ਼ਮਾਂ ਦੀਆਂ ਤਰੱਕੀਆਂ ਖ਼ਤਰੇ ‘ਚ ਹਨ। ਦਫ਼ਤਰੀ ਕਲੈਰੀਕਲ ਕਾਮਿਆਂ ਵੱਲੋਂ ਕਲਮ ਛੋੜ ਹੜਤਾਲ ਦੇ ਨਾਲ-ਨਾਲ ਸਮੂਹ ਪੈਰਾ ਮੈਡੀਕਲ ਸਟਾਫ ਨੇ ਵੀ ਇਸ ਘੋਲ ਦੀ ਹਮਾਇਤ ਕੀਤੀ ਹੈ। ਸੀਨੀਅਰ ਸਹਾਇਕ ਗੁਰਮੀਤ ਸਿੰਘ ਜਲਾਲ ਨੇ ਕਿਹਾ ਕਿ ਸਿਹਤ ਕਾਮਿਆਂ ਦੀ ਕਲਮ ਛੋੜ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਰਕਾਰ ਆਪਣੇ ਨਾਦਰਸ਼ਾਹੀ ਫੁਰਮਾਨ ਵਾਪਸ ਨਹੀਂ ਲੈਂਦੀ। ਮਾਸ ਮੀਡੀਆ ਅਫ਼ਸਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਜੀਵ ਸ਼ਰਮਾ ਤੇ ਪੈਰਾ ਮੈਡੀਕਲ ਯੂਨੀਅਨ ਭਗਤਾ ਦੇ ਪ੍ਰਧਾਨ ਮਲਕੀਤ ਸਿੰਘ ਨੇ ਕਲੈਰੀਕਲ ਯੂਨੀਅਨ ਨੂੰ ਪੂਰਜ਼ੋਰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬਲਬੀਰ ਸਿੰਘ, ਹੀਰਾ ਸਿੰਘ ਜੂਨੀਅਰ ਸਹਾਇਕ, ਸੀਨੀ. ਫਾਰਮੈਸੀ ਅਫਸਰ ਪਰਵੇਸ਼ ਕੁਮਾਰ, ਸੁਪਰਵਾਈਜ਼ਰ ਹਰਜਿੰਦਰ ਸਿੰਘ, ਅਵਨੀਸ਼ ਕੁਮਾਰ, ਪਰਮਜੀਤ ਕੌਰ, ਜਸਬੀਰ ਕੌਰ ਆਕੜਾਂ ਤੇ ਸਤਨਾਮ ਸਿੰਘ ਨੇ ਸੰਬੋਧਨ ਕੀਤਾ।