ਜੋਗਿੰਦਰ ਸਿੰਘ ਮਾਨ
ਮਾਨਸਾ, 16 ਅਕਤੂਬਰ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ’ਤੇ ਸਟੈਂਡ ਲੈਣ ਦੀ ਬਜਾਏ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਖੁਦ ਕੋਈ ਸਿਧਾਂਤ ਅਤੇ ਸਟੈਂਡ ਨਹੀਂ ਹੈ, ਜੋ ਪੰਜਾਬ ਦਾ ਪਾਣੀ ਹਰਿਆਣਾ ਅਤੇ ਹੋਰ ਸੂਬਿਆਂ ਨੂੰ ਦੇਣ ਦੀ ਗੱਲ ਕਰਦਾ ਹੈ ਅਤੇ ਇਸ ਸਬੰਧੀ ਮਾਨਯੋਗ ਅਦਾਲਤ ਵਿੱਚ ਹਲਫਨਾਮਾ ਵੀ ਦੇ ਚੁੱਕਿਆ ਹੈ। ਉਹ ਅੱਜ ਮਾਨਸਾ ਵਿਖੇ ਪਾਰਟੀ ਦੇ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਿਮਰਜੀਤ ਕੌਰ ਸਿੰਮੀ ਦੇ ਭੋਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਇਹੋ ਸਟੈਂਡ ਰਿਹਾ ਹੈ ਕਿ ਪੰਜਾਬ ਦੇ ਪਾਣੀਆਂ ਉਪਰ ਕਿਸੇ ਹੋਰ ਸੂਬੇ ਦਾ ਕੋਈ ਹੱਕ ਨਹੀਂ ਹੈ ਅਤੇ ਪਾਰਟੀ ਨੇ ਇੱਕ ਵੀ ਬੂੰਦ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ, ਜਦੋਂ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਦਾ ਹੱਲ ਹੋਣ ਤੱਕ ਆਪਣਾ ਚਿਰਾਂ ਤੋਂ ਚੱਲਿਆ ਆ ਰਿਹਾ ਸੰਘਰਸ਼ ਜਾਰੀ ਰੱਖੇਗਾ।
ਬੀਬਾ ਬਾਦਲ ਨੇ ਕਿਹਾ ਕਿ ਇਸ਼ਤਿਹਾਰਬਾਜ਼ੀ ਕਰਕੇ ਆਪਣੀ ਫੋਕੀ ਵਾਹ-ਵਾਹ ਕਰਵਾਉਣ ਵਿੱਚ ਲੱਗੀ ‘ਆਪ’ ਸਰਕਾਰ ਮੁੱਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੀਟਿੰਗ ਹੋਈ ਤਾਂ ਆਪਣਾ ਪੱਖ ਅਤੇ ਸਟੈਂਡ ਰੱਖਣ ਦੀ ਬਜਾਏ ਮੁੱਖ ਮੰਤਰੀ ਇਹ ਕਹਿ ਰਹੇ ਹਨ ਕਿ ਇਸ ਗੱਲ ਦਾ ਹੱਲ ਪ੍ਰਧਾਨ ਮੰਤਰੀ ਕੱਢਣਗੇ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਨਾਜ਼ੁਕ ਹਾਲਤ ਵਿੱਚ ਹੈ, ਪਰ ਪੰਜਾਬ ਦਾ ਬਹੁਤਾ ਘੇਰਾ ਬੀਐੱਸਐੱਫ ਦੇ ਹਵਾਲੇ ਕਰਨ, ਯੂਨੀਵਰਸਿਟੀਆਂ ਕੇਂਦਰ ਅਤੇ ਹੋਰ ਸੂਬਿਆਂ ਨੂੰ ਦੇਣ ਨੂੰ ਲੈ ਕੇ ਪੰਜਾਬ ਨੂੰ ਲਗਾਤਾਰ ਅਣਦੇਖਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਦਿਆਂ ’ਤੇ ਨਾ ਕੋਈ ਸਮਝ ਹੈ ਅਤੇ ਨਾ ਕੋਈ ਸਟੈਂਡ। ਉਨ੍ਹਾਂ ਕਿਹਾ ਕਿ ਐੱਸਵਾਈਐੱਲ ਅਧੀਨ ਆਉਂਦੀਆਂ ਜ਼ਮੀਨਾਂ ਨੂੰ ਬਾਦਲ ਸਰਕਾਰ ਵੇਲੇ ਕਿਸਾਨਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਪੰਜਾਬ ਦੇ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਅਤੇ ਮੀਟਿੰਗਾਂ ਕਰਨ ਵਾਲੀ ਕੋਈ ਗੱਲ ਹੀ ਨਹੀਂ, ਕਿਉਂਕਿ ਜਿਵੇਂ ਬਾਪ ਦੀ ਜਾਇਦਾਦ ’ਤੇ ਪੁੱਤਰ ਦਾ ਹੱਕ ਹੁੰਦਾ ਹੈ, ਇਵੇਂ ਇਸ ਪਾਣੀਆਂ ’ਤੇ ਪੰਜਾਬ ਦਾ ਹੱਕ ਹੈ। ਇਸ ਮੌਕੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਗੁਰਪ੍ਰੀਤ ਸਿੰਘ ਚਹਿਲ, ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ, ਲੱਕੀ ਸਿੰਘ ਵੀ ਮੌਜੂਦ ਸਨ।