ਰਵਿੰਦਰ ਰਵੀ
ਬਰਨਾਲਾ, 16 ਨਵੰਬਰ
ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਅੱਜ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਪ੍ਰਨੀਤ ਕੌਰ ਨੇ ਕਿਹਾ ਕਿ ਢਿੱਲੋਂ ਦੇ ਕਹਿਣ ’ਤੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਬਰਨਾਲਾ ਨੂੰ ਜ਼ਿਲ੍ਹਾ ਬਣਾਇਆ ਅਤੇ ਬਰਨਾਲਾ ਦੇ ਇਲਾਕੇ ਲਈ ਕਰੋੜਾਂ ਰੁਪਏ ਦੀਆਂ ਗਰਾਟਾਂ ਦੇ ਵਿਕਾਸ ਕਾਰਜ ਕਰਵਾਏ। ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਬਣੀ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਅਤੇ ਸੂਬੇ ’ਚ ਸੁਰੱਖਿਆ ਪ੍ਰਬੰਧ ਬੁਰੀ ਫੇਲ੍ਹ ਹੋ ਚੁੱਕੇ ਹਨ। ਰੋਜ਼ਾਨਾ ਲੁੱਟ-ਖੋਹ, ਕਤਲ ਅਤੇ ਔਰਤਾਂ ’ਤੇ ਜ਼ੁਲਮ ਵੱਧ ਗਏ ਹਨ। ‘ਆਪ’ ਨੇ ਬੜੇ ਜ਼ੋਰ ਸ਼ੋਰ ਨਾਲ ਸੂਬੇ ਦੀ ਹਰ ਔਰਤ ਨੂੰ ਸਰਕਾਰ ਬਣਦਿਆਂ ਹੀ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਢਾਈ ਸਾਲ ਸਰਕਾਰ ਬਣੀ ਨੂੰ ਹੋ ਗਏ ਪੰਜਾਬ ਦੀ ਕਿਸੇ ਔਰਤ ਦੇ ਖਾਤੇ ’ਚ ਇੱਕ ਧੇਲਾ ਵੀ ਨਹੀਂ ਆਇਆ। ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਬਣਨ ਤੋਂ ਪਹਿਲਾਂ 25 ਫ਼ਸਲਾਂ ਤੇ ਐੱਮਐੱਸਪੀ ਦੇਣ ਦੇ ਵਾਅਦੇ ਕਰਦੇ ਸਨ ਪ੍ਰੰਤੂ ਹੁਣ ਕਿਸਾਨਾਂ ਦੀ ਝੋਨੇ ਦੀ ਫ਼ਸਲ ਵੀ ਨਹੀਂ ਖ਼ਰੀਦ ਰਿਹਾ। ਸਾਰੀ ਜ਼ਿੰਮੇਵਾਰੀ ਕੇਂਦਰ ਉਪਰ ਸੁੱਟੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ’ਤੇ ਕਾਂਗਰਸ ਦਾ ਪੰਜਾਬ ਤੇ ਦਿੱਲੀ ਨੂੰ ਛੱਡ ਕੇ ਪੂਰੇ ਦੇਸ਼ ’ਚ ਗੱਠਜੋੜ ਹੈਪਰ ਪੰਜਾਬ ’ਚ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਕੇ ਪੰਜਾਬੀਆਂ ਨੂੰ ਮੂਰਖ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ 2027 ਦੀ ਨੀਂਹ ਰੱਖਣਗੀਆਂ।