ਪੱਤਰ ਪ੍ਰੇਰਕ
ਮਾਨਸਾ, 8 ਸਤੰਬਰ
ਮਾਨਸਾ ਨੇੜਲੇ ਪਿੰਡ ਬਹਿਣੀਵਾਲੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਕੋਆਪ੍ਰੇਟਿਵ ਬੈਂਕ ਦਾ ਘਿਰਾਓ ਕਰਕੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਗੁਲਾਬੀ ਸੁੰਡੀ ਕਰਕੇ ਨਰਮੇ ਦਾ ਝਾੜ ਘੱਟ ਗਿਆ ਅਤੇ ਫਿਰ ਬੇਲੋੜੀ ਗਰਮੀ ਪੈਣ ਕਾਰਨ ਕਣਕ ਦਾ ਝਾੜ ਘੱਟ ਗਿਆ, ਜਿਸ ਕਾਰਨ ਕਿਸਾਨਾਂ ਤੋਂ ਬੈਂਕਾਂ ਦੀਆਂ ਕਿਸ਼ਤਾਂ ਨਹੀਂ ਤਾਰੀਆਂ ਗਈਆਂ, ਪਰ ਬੈਂਕ ਵਾਲੇ ਹੁਣ ਫਾਲਤੂ ਵਿਆਜ ਲਗਾਕੇ ਕਿਸਾਨਾਂ ਤੋਂ ਦੁੱਗਣੇ ਨਾਲ ਵੱਧ ਰਾਸ਼ੀ ਵਸੂਲਣ ਲਈ ਦਬਾਅ ਪਾਉਣ ਲੱਗੇ ਹਨ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦਲੀਏਵਾਲੀ ਦੇ ਕਿਸਾਨ ਬਲਵਿੰਦਰ ਸਿੰਘ ਨੇ ਕੋਆਪਰੇਟਿਵ ਬੈਂਕ ਤੋਂ 90000 ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿੱਚੋਂ ਦੋ ਕਿਸ਼ਤਾਂ ਦੀ ਅਦਾਇਗੀ ਬੈਂਕ ਨੂੰ ਹੋ ਚੁੱਕੀ ਹੈ ਅਤੇ ਬੈਂਕ ਉਸ ਵੱਲ 2 ਲੱਖ 76 ਹਜ਼ਾਰ ਰੁਪਏ ਹੋਰ ਭਰਵਾਉਣਾ ਚਾਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਲਏ ਹੋਏ ਕਰਜ਼ੇ ਤੋਂ ਦੁੱਗਣੀ ਰਾਸ਼ੀ ਵਾਪਸ ਕਰਕੇ ਬੈਂਕ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ, ਪਰ ਬੈਂਕ ਵਾਲੇ ਜਬਰੀ ਪੌਣੇ ਤਿੰਨ ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਜ਼ਿਲ੍ਹਾ ਅਧਿਕਾਰੀਆਂ ਨੇ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਬੈਂਕ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਮਸਲੇ ਦਾ ਛੇਤੀ ਹੱਲ ਕੱਢਿਆ ਜਾਵੇਗਾ ਤੇ ਕੇਸ ਨੂੰ ਉਪਰ ਕੇਂਦਰੀ ਕਮੇਟੀ ਕੋਲ ਭੇਜਿਆ ਜਾਵੇਗਾ। ਇਸ ਮੌਕੇ ਗੁਰਚਰਨ ਉਲੱਕ, ਜਗਦੇਵ ਕੋਟਲੀ ਕਲਾਂ, ਗੁਰਮੇਲ ਚਕੇਰੀਆਂ, ਜਗਸੀਰ ਰਾਠੀ, ਜਗਜੀਤ ਭਲਾਈ ਨੇ ਵੀ ਸੰਬੋਧਨ ਕੀਤਾ।