ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 27 ਅਗਸਤ
ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਬਠਿੰਡਾ-ਡੱਬਵਾਲੀ ਰੋਡ ਨੂੰ ਚੌੜਾ ਕਰਨ ਅਤੇ ਭਾਰਤਮਾਲਾ ਅਧੀਨ ਜੰਮੂ-ਕੱਟੜਾ ਹਾਈਵੇਅ ਅਧੀਨ ਬਣ ਰਹੀ ਸੜਕ ਸਬੰਧੀ ਨਿਗੂਣਾ ਮੁਆਵਜ਼ਾ ਦੇ ਕੇ ਜ਼ਮੀਨ ਐਕਵਾਇਰ ਕਰਨ ਖਿਲਾਫ਼ ਪਥਰਾਲਾ ਵਿੱਚ ਚੱਲ ਰਹੇ ਪੱਕੇ ਮੋਰਚੇ ਵਿੱਚ ਲਾਮਬੰਦੀ ਵਧਾਉਣ ਲਈ 29 ਅਗਸਤ ਨੂੰ ਇਲਾਕੇ ਦੇ ਪਿੰਡਾਂ ਵਿੱਚ ਕੀਤੇ ਜਾ ਰਹੇ ਮੋਟਰਸਾਈਕਲ ਮਾਰਚ ਦੀ ਤਿਆਰੀ ਵਿੱਚ ਅੱਜ ਇਲਾਕੇ ਦੇ ਪਿੰਡ ਗਹਿਰੀ ਬੁੱਟਰ, ਜੱਸੀ ਬਾਗ ਵਾਲੀ ਤੇ ਪਥਰਾਲਾ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਤੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ ਨੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਪਥਰਾਲਾ ਪੱਕਾ ਮੋਰਚਾ ਸੱਤਵੇਂ ਮਹੀਨੇ ’ਚ ਦਾਖਲ ਹੋ ਗਿਆ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਬਲਾਕ ਆਗੂ ਅਜੇਪਾਲ ਸਿੰਘ, ਖਜ਼ਾਨਚੀ ਧਰਮਪਾਲ ਸਿੰਘ ਜੰਡੀਆਂ, ਬੂਟਾ ਸਿੰਘ ਪਥਰਾਲਾ, ਤਾਰਾ ਸਿੰਘ ਪਥਰਾਲਾ, ਹਰਪਾਲ ਸਿੰਘ ਜੱਸੀ, ਗੁਲਾਬ ਸਿੰਘ ਤੇ ਸਵਰਨ ਸਿੰਘ ਗਹਿਰੀ ਬੁੱਟਰ ਹਾਜ਼ਰ ਸਨ।