ਪੱਤਰ ਪ੍ਰੇਰਕ
ਕਾਲਾਂਵਾਲੀ, 9 ਅਕਤੂਬਰ
ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਹਰਿਆਣਾ ਕਲਾ ਪਰਿਸ਼ਦ ਹਿਸਾਰ ਜ਼ੋਨ ਅਤੇ ਭਾਰਤ ਵਿਕਾਸ ਪਰਿਸ਼ਦ ਕਾਲਾਂਵਾਲੀ ਵੱਲੋਂ ਸਾਂਝੇ ਤੌਰ ’ਤੇ ਸ਼ਾਸਤਰੀ ਸੰਗੀਤ, ਗੀਤਾਂ ਅਤੇ ਗ਼ਜ਼ਲਾਂ ਦਾ ਪ੍ਰੋਗਰਾਮ ‘ਸ਼ਾਮ-ਏ-ਸਰਗਮ’ ਬਿਸ਼ਨਾ ਮੱਲ ਜੈਨ ਸਰਸਵਤੀ ਵਿਦਿਆ ਮੰਦਰ ਦੇ ਵਿਹੜੇ ਵਿੱਚ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਰੋਹਤਕ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰੋਫੈਸਰ ਹੁਕਮ ਚੰਦ ਮਹਿਤਾ ਨੇ ਰਾਗ ਸ਼ਿਵਰੰਜਨੀ ’ਚ ਮੁਹੰਮਦ ਰਫੀ ਦੇ ਗੀਤ, ‘ਦੋਸਤ ਨਾ ਦੋਸਤ ਰਹਾ, ਪਿਆਰ ਪਿਆਰ ਨਾ ਰਹਾ’ ਨੂੰ ਪੇਸ਼ ਕੀਤਾ ਅਤੇ ਫਿਰ ਗੁਲਾਮ ਅਲੀ ਦੀ ਇਸ ਰਾਗ ’ਤੇ ਆਧਾਰਿਤ ਗ਼ਜ਼ਲ ‘ਇਤਨਾ ਟੂਟ ਗਿਆ ਹੂੰ ਕਿ ਛੂਨੇ ਸੇ ਬਿਖਰ ਜਾਊਂਗਾ’ ਸੁਣਾਈ ਗਈ। ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਹੁਕਮ ਚੰਦ ਮਹਿਤਾ ਨੇ ਵੱਖ-ਵੱਖ ਰਾਗਾਂ ’ਤੇ ਆਧਾਰਿਤ ਫਿਲਮੀ ਗੀਤ ਅਤੇ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਇਸ ਪ੍ਰੋ. ਹੁਕਮ ਚੰਦ ਮਹਿਤਾ ਨੇ ਕਿਹਾ ਕਿ ਕਲਾਸੀਕਲ ਸੰਗੀਤ, ਸੁਰੀਲਾ ਸੰਗੀਤ ਅਤੇ ਲੋਕ ਸੰਗੀਤ ਭਾਰਤੀ ਸੰਸਕ੍ਰਿਤੀ ਦੀ ਅਨਮੋਲ ਵਿਰਾਸਤ ਹਨ, ਜਿਸ ਨਾਲ ਨਵੀਂ ਪੀੜ੍ਹੀ ਸਾਡੇ ਕਲਾਕਾਰਾਂ ਦੀ ਇਹ ਅਹਿਮ ਜ਼ਿੰਮੇਵਾਰੀ ਹੈ ਕਿ ਇਸ ਨੂੰ ਸਾਂਭਿਆ ਜਾਵੇ ਅਤੇ ਅੱਗੇ ਵਧਾਇਆ ਜਾਵੇ। ਉਨ੍ਹਾਂ ਨਾਲ ਸਿਰਸਾ ਤੋਂ ਆਏ ਕ੍ਰਿਸ਼ਨ ਕੁਮਾਰ ਨੇ ਵੀ ਰਫੀ ਦਾ ਗੀਤ ‘ਦੂਰ ਰਹਿ ਕਰ ਨਾ ਕਰੋ ਬਾਤ ਕਰੀਬ ਆ ਜਾਓ’ ਸੁਣਾਇਆ। ਇਸ ਮੌਕੇ ਭਾਰਤ ਵਿਕਾਸ ਪਰੀਸ਼ਦ ਕਾਲਾਂਵਾਲੀ ਦੇ ਸਰਪ੍ਰਸਤ ਮੋਹਨ ਲਾਲ ਬਾਂਸਲ, ਦਿਨੇਸ਼ ਗਰਗ ਜੈਨ ਅਤੇ ਬਿਸ਼ਨਮਲ ਜੈਨ ਸਕੂਲ ਦੇ ਡਾਇਰੈਕਟਰ ਸੁਭਾਸ਼ ਕੁਮਾਰ ਨੇ ਪ੍ਰੋਫੈਸਰ ਹੁਕਮ ਚੰਦ ਮਹਿਤਾ ਅਤੇ ਆਏ ਹੋਏ ਕਲਾਕਾਰਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ’ਚ ਸੰਗੀਤ ਡਾ. ਰਵਿੰਦਰ ਨਾਗਰ ਨੇ ਦਿੱਤਾ ਅਤੇ ਮੰਚ ਸੰਚਾਲਨ ਡਾ. ਪ੍ਰਵੀਨ ਜੈਨ ਨੇ ਕੀਤਾ। ਇਸ ਮੌਕੇ ਮਾਸਟਰ ਰਾਮਸ਼ਰਨ ਦਾਸ, ਭੁਪਿੰਦਰ ਸਰਾਂ, ਸੁਭਾਸ਼ ਸ਼ਰਮਾ, ਅਸ਼ਵਨੀ ਸ਼ਰਮਾ, ਦੀਪਕ ਮਕਾਨੀ, ਮਾਸਟਰ ਫੂਲ ਸਿੰਘ ਲੁਹਾਨੀ, ਲਲਿਤ ਜੈਨ, ਪ੍ਰਿੰਸੀਪਲ ਸੰਜੀਵ ਸ਼ਰਮਾ ਐਡਵੋਕੇਟ, ਵਰੁਣ ਜੈਨ ਅਤੇ ਭਾਰਤ ਵਿਕਾਸ ਪਰਿਸ਼ਦ ਦੇ ਰਵੀ ਸਾਗਰ ਤੇ ਅਰੁਣ ਜੈਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।