ਪੱਤਰ ਪ੍ਰੇਰਕ
ਭੁੱਚੋ ਮੰਡੀ, 3 ਜੁਲਾਈ
ਭੁੱਚੋ ਮੰਡੀ ਸ਼ਹਿਰ ਵਿੱਚ ਹੋ ਰਹੀ ਗੰਦੇ ਪਾਣੀ ਦੀ ਸਪਲਾਈ ਨੂੰ ਦਰੁਸਤ ਕਰਨ ਲਈ ਸ਼ਹਿਰ ’ਚ 4 ਅਤੇ 5 ਜੁਲਾਈ ਨੂੰ ਦੋ ਦਿਨ ਪਾਣੀ ਦੀ ਸਪਲਾਈ ਪੂਰਨ ਤੌਰ ’ਤੇ ਬੰਦ ਰਹੇਗੀ।
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਦੱਸਿਆ ਕਿ ਸ਼ਹਿਰ ਵਿੱਚ ਜਲ ਘਰ ਦੀ ਸਪਲਾਈ ਵਿੱਚ ਸੀਵਰੇਜ ਦੇ ਪਾਣੀ ਦੇ ਰਲੇਵੇਂ ਦੀ ਸਮੱਸਿਆ ਬਣੀ ਹੋਈ ਹੈ। ਇਸ ਨੂੰ ਠੀਕ ਕਰਨ ਖਾਤਰ ਅੰਮ੍ਰਿਤਸਰ ਤੋਂ ਮਾਹਰਾਂ ਦੀ ਇੱਕ ਟੀਮ ਬੁਲਾਈ ਗਈ ਹੈ, ਜੋ ਸ਼ਹਿਰ ਵਿਚਲੀ ਸੀਵਰੇਜ ਪਾਈਪਲਾਈਨ ਦੀ ਪੂਰੀ ਸਫਾਈ ਅਤੇ ਮੁਰੰਮਤ ਕਰਕੇ ਗੰਦੇ ਪਾਣੀ ਨੂੰ ਜਲ ਘਰ ਦੀਆਂ ਪਾਈਪਾਂ ਵਿੱਚ ਜਾਣ ਤੋਂ ਰੋਕੇਗੀ ਅਤੇ ਗਾਰ ਨਾਲ ਬੰਦ ਹੋਏ ਸ਼ੈਕਸ਼ਨਾਂ ਨੂੰ ਖੋਲ੍ਹੇਗੀ। ਉਨ੍ਹਾਂ ਦੱਸਿਆ ਕਿ ਝੰਡੂਕੇ ਦੇ ਬਰਸਾਤੀ ਨਾਲੇ ਤੱਕ ਜਾਂਦੀ ਨਿਕਾਸੀ ਪਾਈਪਲਾਈਨ ਦੀਆਂ ਟੁੱਟੀਆਂ ਪਾਈਪਾਂ ਨੂੰ ਬਦਲਣ ਲਈ ਜੇਸੀਬੀ ਮਸ਼ੀਨਾਂ ਲਗਾ ਦਿੱਤੀਆਂ ਹਨ। ਇਸ ਨਾਲ ਥਾਂ ਥਾਂ ਤੋਂ ਲੀਕ ਹੋ ਰਿਹਾ ਗੰਦਾ ਪਾਣੀ ਬੰਦ ਹੋ ਜਾਵੇਗਾ। ਇਸ ਕੰਮ ਨੂੰ ਮੁਕੰਮਲ ਹੋਣ ਤੱਕ ਦਸ ਦਿਨ ਲੱਗਣ ਦੀ ਸੰਭਾਵਨਾ ਹੈ। ਪਰ ਸ਼ਹਿਰ ਵਿੱਚ ਜਲ ਸਪਲਾਈ ਸਿਰਫ 4 ਅਤੇ 5 ਜੁਲਾਈ ਨੂੰ ਹੀ ਬੰਦ ਰਹੇਗੀ।