ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 5 ਸਤੰਬਰ
ਜ਼ਿਲ੍ਹੇ ਅੰਦਰ ਹੋਏ ਨਰਮੇ ਦੇ ਖਰਾਬੇ ਅਤੇ ਨਰਮਾ ਮਜ਼ਦੂਰਾਂ ਦੀ ਮਜ਼ਦੂਰੀ ਦੇ ਆਏ ਹੋਏ ਮੁਆਵਜ਼ੇ ਦੀ ਵੰਡ ਨੂੰ ਲੈ ਕੇ ਸ਼ੁਰੂ ਹੋਇਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਧਰਨਾ 13ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਜੰਟ ਸਿੰਘ ਸਾਉਂਕੇ, ਗੁਰਭਗਤ ਸਿੰਘ ਭਲਾਈਆਣਾ, ਬਿੱਟੂ ਸਿੰਘ ਮੱਲਣ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ ਤੇ ਜਸਵਿੰਦਰ ਸਿੰਘ ਸੰਗੂਧੋਣ ਨੇ ਕਿਹਾ ਕਿ ਸਰਕਾਰ ਵੱਲੋਂ ਭੇਜੇ ਮੁਆਵਜ਼ੇ ਦੀ ਵੀ ਅਜੇ ਤੱਕ ਵੰਡ ਨਹੀਂ ਕੀਤੀ ਗਈ ਜੋ ਕਿ ਪ੍ਰਸ਼ਾਸਨ ਦੀ ਜਾਣਬੁੱਝ ਕੇ ਕੀਤੀ ਜਾ ਢਿੱਲ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ 5 ਸਤੰਬਰ ਤੱਕ ਮੁਆਵਜ਼ਾ ਵੰਡਣ ਦਾ ਵਾਅਦਾ ਕੀਤਾ ਸੀ ਪਰ ਇਹ ਅਜੇ ਤੱਕ ਵੰਡਿਆ ਨਹੀਂ ਗਿਆ। ਹੁਣ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 7 ਸਤੰਬਰ ਤੱਕ ਮੁਆਵਜ਼ਾ ਸੌ ਫੀਸਦੀ ਨਾ ਵੰਡਿਆ ਗਿਆ ਤਾਂ ਉਹ 7 ਸਤੰਬਰ ਨੂੰ ਵੱਡਾ ਸੰਘਰਸ਼ ਕਰਨਗੇ।