ਜੋਗਿੰਦਰ ਸਿੰਘ ਮਾਨ
ਮਾਨਸਾ, 19 ਨਵੰਬਰ
ਤੀਹ ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਇੱਥੇ ਕਿਸਾਨਾਂ-ਮਜ਼ਦੂਰਾਂ ਵੱਲੋਂ ਕੀਤੇ ਘਿਰਾਓ ਅਤੇ ਨਾਅਰੇਬਾਜ਼ੀ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਪਾਰਟੀ ਦਫ਼ਤਰ ਦੀ ਉਸਾਰੀ ਲਈ ਰੱਖਿਆ ਭੂਮੀ ਪੂਜਨ ਦਾ ਸਮਾਗਮ ਰੱਦ ਕਰਨਾ ਪਿਆ।
ਅੱਜ ਇੱਥੇ ਗ੍ਰੀਨ ਵੈਲੀ ਕਲੋਨੀ ਨੇੜੇ ਪਲਾਟ ਵਿੱਚ ਭਾਜਪਾ ਨੇ ਸੂਬੇ ਦੇ ਹੋਰ ਜ਼ਿਲ੍ਹਿਆਂ ਵਾਂਗ ਅਪਣੇ ਜ਼ਿਲ੍ਹਾ ਦਫ਼ਤਰ ਦੀ ਉਸਾਰੀ ਲਈ ਭੂਮੀ ਪੂਜਨ ਦਾ ਸਮਾਗਮ ਕਰਨ ਲਈ ਪੂਰੀ ਤਿਆਰੀ ਕੀਤੀ ਹੋਈ ਸੀ ਪਰ ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਅਤੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਵਰਕਰਾਂ ਨੇ ਪਹੁੰਚ ਕੇ ਇਸ ਜਗ੍ਹਾ ਦੇ ਗੇਟ ਅੱਗੇ ਡੇਰਾ ਲਾ ਲਿਆ। ਅੰਦੋਲਨਕਾਰੀਆਂ ਨੇ ਉੱਥੇ ਹਾਜ਼ਰ ਭਾਜਪਾ ਆਗੂਆਂ ਨੂੰ 15 ਮਿੰਟ ਦੇ ਅੰਦਰ-ਅੰਦਰ ਉੱਥੋਂ ਚਲੇ ਜਾਣ ਦੀ ਚਿਤਾਵਨੀ ਦਿੱਤੀ। ਦਿੱਤਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਗੇਟ ਰਾਹੀਂ ਆਉਣਾ ਜਾਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ ਇਹ ਘਿਰਾਓ ਕਰੀਬ ਢਾਈ ਘੰਟੇ ਜਾਰੀ ਰਿਹਾ।
ਇਥੇ ਅੰਦੋਲਨਕਾਰੀਆਂ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੂੰ ਸੂਬੇ ਵਿੱਚ ਰੈਲੀਆਂ ਜਾਂ ਸਮਾਗਮ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ,ਜਦੋਂ ਤੱਕ ਮੋਦੀ ਸਰਕਾਰ ਲੋਕ ਵਿਰੋਧੀ ਕਾਨੂੰਨ ਰੱਦ ਨਹੀਂ ਕਰਦੀ,ਉਦੋਂ ਤੱਕ ਸੰਘਰਸਸ਼ੀਲ ਲੋਕਾਂ ਵਲੋਂ ਉਸ ਦਾ ਵਿਰੋਧ ਤੇ ਸਮਾਜਿਕ ਬਾਈਕਾਟ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ 26-27 ਨਵੰਬਰ ਦੇ ‘ਘੇਰਾ ਡਾਲੋ – ਡੇਰਾ ਡਾਲੋ’ ਐਕਸ਼ਨ ਲਈ ਦਿੱਲੀ ਵੱਲ ਰਵਾਨਾ ਹੋਣ ਦੀਆਂ ਤਿਆਰੀਆਂ ਤੇਜ਼ ਕਰਨ। ਇਸ ਮੌਕੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਨਰਿੰਦਰ ਕੌਰ ਬੁਰਜ ਹਮੀਰਾ, ਗੁਰਜੰਟ ਸਿੰਘ ਮਾਨਸਾ, ਰਣਜੀਤ ਸਿੰਘ ਤਾਮਕੋਟ ਤੇ ਹਰਜਿੰਦਰ ਸਿੰਘ ਮਾਨਸ਼ਾਹੀਆ ਨੇ ਵੀ ਸੰਬੋਧਨ ਕੀਤਾ।